06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੂਬੇ ’ਚ 1 ਕਰੋੜ 40 ਲੱਖ ਬੂਟੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ-ਮੁੱਖ ਮੰਤਰੀ

ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੌਦੇ ਲਗਾਉਣਾ ਜਿੰਨਾ ਮਹੱਤਵਪੂਰਨ ਹੈ, ਉਸ ਤੋਂ ਕਿਤੇ ਵੱਧ ਜ਼ਰੂਰੀ ਉਨ੍ਹਾਂ ਦੀ ਦੇਖਭਾਲ ਅਤੇ ਸੰਭਾਲ ਨੂੰ ਯਕੀਨੀ ਬਣਾਉਣਾ ਹੈ। ਵਨ ਮਹੋਤਸਵ ਸਿਰਫ਼ ਪੌਦੇ ਲਗਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨੂੰ ਸਮਾਜ ਦੀ ਵਿਆਪਕ ਭਾਗੀਦਾਰੀ ਨਾਲ ਸਫਲ ਬਣਾਇਆ ਜਾਵੇ, ਤਾਂ ਜੋ ਸੂਬੇ ਵਿੱਚ ਹਰਿਆਲੀ ਵਧਾਉਣ ਦੇ ਨਾਲ ਵਾਤਾਵਰਣ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇ। ਮੁੱਖ ਮੰਤਰੀ ਮੰਗਲਵਾਰ ਨੂੰ ਵਨ ਮਹੋਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਦੱਸਿਆ ਕਿ ਇਸ ਸਾਲ ਵਨ ਮਹੋਤਸਵ ਤਹਿਤ ਪੂਰੇ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਲਈ ਥਾਵਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ 3400 ਥਾਵਾਂ ‘ਤੇ ਵਣ ਵਿਭਾਗ ਵੱਲੋਂ 1 ਕਰੋੜ 10 ਲੱਖ ਪੌਦੇ, ਜਦੋਂ ਕਿ ਲਗਪਗ 900 ਹੋਰ ਥਾਵਾਂ ‘ਤੇ ਵੱਖ-ਵੱਖ ਵਿਭਾਗਾਂ ਵਲੋਂ 30 ਲੱਖ ਪੌਦੇ ਲਗਾਏ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਵਨ ਮਹੋਤਸਵ ਚਾਰ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤਹਿਤ 30 ਜੁਲਾਈ, 7 ਅਗਸਤ, 14 ਅਗਸਤ ਅਤੇ 21 ਅਗਸਤ ਨੂੰ ਪੌਦੇ ਲਗਾਏ ਜਾਣਗੇ। ਹਰ ਪੜਾਅ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਵਿਭਾਗ ਇਹ ਯਕੀਨੀ ਬਣਾਏ ਕਿ ਲਗਾਏ ਗਏ ਪੌਦਿਆਂ ਦੀ ਨਿਯਮਤ ਦੇਖਭਾਲ ਹੋਵੇ, ਤਾਂ ਜੋ ਉਹ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਦਾ ਲਾਭ ਹੋ ਸਕੇ। ਮੀਟਿੰਗ ਦੌਰਾਨ ਵਾਤਾਵਰਣ, ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਾਧੂ ਮੁੱਖ ਸਕੱਤਰ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਪੰਕਜ ਯਾਦਵ, ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਮੀਣਾ, ਸਿਵਲ ਏਵੀਏਸ਼ਨ ਹਰਿਆਣਾ ਦੇ ਡਾਇਰੈਕਟਰ ਜਨਰਲ ਅਸ਼ੰਜ ਸਿੰਘ, ਹਰਿਆਣਾ ਵਣ ਵਿਭਾਗ ਦੇ ਪ੍ਰਧਾਨ ਮੁੱਖ ਵਣ ਸਰਪ੍ਰਸਤ ਡਾ. ਕੇ.ਸੀ. ਮੀਣਾ, ਮੁੱਖ ਮੰਤਰੀ ਦੇ ਓ.ਐਸ.ਡੀ. ਬੀ.ਬੀ. ਭਾਰਤੀ, ਵਿਦੇਸ਼ ਸਹਿਯੋਗ ਵਿਭਾਗ ਵਿਚ ਮੁੱਖ ਮੰਤਰੀ ਦੇ ਸਲਾਹਕਾਰ ਪਵਨ ਚੌਧਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਯੂ. ਆਈ. ਈ. ਟੀ. ਦੇ ਸੰਸਥਾਪਕ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਸੋਹੀ ਦੀ ਯਾਦ ’ਚ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਮੋਹਿੰਦਰ ਭਗਤ ਵਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।