15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮਨੁੱਖੀ ਅਧਿਕਾਰ ਸੰਗਠਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਡਟ ਕੇ ਖੜ੍ਹਾ, ਇਨਸਾਫ ਲਈ ਹਰ ਪੱਧਰ ’ਤੇ ਲੜਾਈ ਲੜਨ ਦਾ ਐਲਾਨ- ਜਸਟਿਸ ਰਣਜੀਤ ਸਿੰਘ

ਅਜੀਤ ਡੈਸਕ 22-07-2026
ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਗੁਰਦਾਸਪੁਰ ਦੇ ਨੌਜਵਾਨ ਰਣਜੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28, ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸਾਬਕਾ ਜਸਟਿਸ ਰਣਜੀਤ ਸਿੰਘ, ਪ੍ਰਸਿੱਧ ਸਮਾਜਿਕ ਚਿੰਤਕ ਡਾ. ਪਿਆਰਾ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਸੰਗਠਨ ਦੇ ਦਫ਼ਤਰ ਸਕੱਤਰ ਡਾ. ਖੁਸ਼ਹਾਲ ਸਿੰਘ, ਸਮਾਜਿਕ ਕਾਰਕੁੰਨ ਲੱਖਾ ਸਿੰਘ ਸਿਧਾਣਾ ਤੇ ਕੈਪਟਨ ਗੁਰਦੀਪ ਸਿੰਘ ਘੁੰਮਣ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਦੇ ਪਿਤਾ ਬਿਕਰਮਜੀਤ ਸਿੰਘ, ਮਾਤਾ ਸੁਖਵਿੰਦਰ ਕੌਰ, ਚਾਚਾ ਚੰਦਨਜੀਤ ਸਿੰਘ ਅਤੇ ਮਾਸੀ ਸੁਰਜੀਤ ਕੌਰ ਨੇ ਦੋਸ਼ ਲਗਾਇਆ ਕਿ ਰਣਜੀਤ ਸਿੰਘ ਨੂੰ ਪੁਲਿਸ ਵਲੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਤੇ ਬਾਅਦ ਵਿਚ ਇਕ ਝੂਠੇ ਪੁਲਿਸ ਮੁਕਾਬਲੇ ਦਾ ਰੂਪ ਦੇ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਇਕ ਪਾਸੇ ਪੁਲਿਸ ਵਲੋਂ ਉਨ੍ਹਾਂ ਨੂੰ ਪੇਸ਼ਕਸ਼ ਕਰਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਰਣਜੀਤ ਸਿੰਘ ਦੇ ਚਾਚੇ ਨੂੰ ਅਤੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦੀ ਵੀ ਗੱਲ ਕੀਤੀ। ਇਸ ਮੌਕੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸੰਗਠਨ ਪੀੜਤ ਪਰਿਵਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਇਸ ਕੇਸ ਦੀ ਕਾਨੂੰਨੀ ਲੜਾਈ ਦਾ ਸਾਰਾ ਖਰਚਾ ਸੰਗਠਨ ਆਪਣੇ ਸਿਰ ਲਵੇਗਾ। ਸਮਾਜਿਕ ਕਾਰਕੁੰਨ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਉੱਠ ਰਹੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕੈਪਟਨ ਗੁਰਦੀਪ ਸਿੰਘ ਘੁੰਮਣ ਨੇ ਕਿਹਾ ਕਿ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਾ ਹਰ ਸੰਸਥਾ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕਥਿਤ ਧੱਕੇਸ਼ਾਹੀ ਜਾਂ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਿਕਰਮਜੀਤ ਸਿੰਘ, ਜਸਪਾਲ ਸਿੰਘ, ਰਾਜਵਿੰਦਰ ਸਿੰਘ ਰਾਹੀ ਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੌਲੀ ਜਾਗਰਾਂ ’ਚ ਘਰ ਨੂੰ ਨਿਸ਼ਾਨਾ ਬਣਾ ਕੇ 18 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ 60 ਹਜ਼ਾਰ ਦੀ ਨਕਦੀ ਚੋਰੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੇ ਬਾਗਬਾਨੀ ਵਿਭਾਗ ਦੇ ਡੰਪਰ ਪਲੇਸਰ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।