08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਟਾਫ਼ ਦੀ ਘਾਟ ਨਾਲ ਜੂਝ ਰਹੇ ਚੰਡੀਗੜ੍ਹ ਨਿਗਮ ਨੂੰ ਰਾਹਤ, 276 ਅਸਾਮੀਆਂ ’ਤੇ ਹੋਵੇਗੀ ਸਿੱਧੀ ਭਰਤੀ

ਅਜੀਤ ਡੈਸਕ 20-07-2026
ਚੰਡੀਗੜ੍ਹ, 19 ਜੁਲਾਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਵਿਚ 60 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਕੰਮਕਾਜ ਨੂੰ ਰਫ਼ਤਾਰ ਦੇਣ ਲਈ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 276 ਅਸਾਮੀਆਂ ’ਤੇ ਸਿੱਧੀ ਭਰਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਚਾਰ ਸਾਲਾਂ ਬਾਅਦ ਨਗਰ ਨਿਗਮ ’ਚ ਵੱਡੇ ਪੱਧਰ ’ਤੇ ਸਥਾਈ ਭਰਤੀ ਦਾ ਰਾਹ ਸਾਫ਼ ਹੋ ਗਿਆ ਹੈ। ਨਿਗਮ ਹੁਣ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਵਿਚ ਜੁਟ ਗਿਆ ਹੈ। ਪ੍ਰਸ਼ਾਸਨ ਨੇ ਭਰਤੀ ਦੌਰਾਨ ਰਾਖਵੇਂਕਰਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਪ੍ਰੀਖਿਆ ਕਿਸੇ ਨਾਮਵਰ ਸਰਕਾਰੀ ਏਜੰਸੀ ਰਾਹੀਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਨਗਰ ਨਿਗਮ ਦੇ ਰਿਕਾਰਡਾਂ ਅਤੇ ਹਾਲ ਹੀ ਵਿਚ ਪਾਸ ਹੋਏ ਬਜ਼ਟ ਦਸਤਾਵੇਜ਼ਾਂ ਅਨੁਸਾਰ ਨਿਗਮ ਵਿਚ ਕੁੱਲ 5,611 ਮਨਜ਼ੂਰਸ਼ੁਦਾ ਅਹੁਦੇ ਹਨ, ਜਿਨ੍ਹਾਂ ਵਿਚੋਂ 3,767 ਅਸਾਮੀਆਂ ਖਾਲੀ ਪਈਆਂ ਹਨ। ਇਸ ਦਾ ਅਰਥ ਹੈ ਕਿ ਨਿਗਮ ਦੇ 60 ਫ਼ੀਸਦੀ ਤੋਂ ਵੱਧ ਅਹੁਦਿਆਂ ’ਤੇ ਕਰਮਚਾਰੀ ਤਾਇਨਾਤ ਨਹੀਂ ਹਨ। ਇਸ ਦਾ ਸਿੱਧਾ ਅਸਰ ਇੰਜੀਨੀਅਰਿੰਗ, ਫ਼ਾਇਰ ਬ੍ਰਿਗੇਡ, ਮੈਡੀਕਲ ਅਫ਼ਸਰ ਆਫ਼ ਹੈਲਥ ਤੇ ਹੋਰ ਅਹਿਮ ਵਿਭਾਗਾਂ ਦੇ ਕੰਮਕਾਜ ’ਤੇ ਪੈ ਰਿਹਾ ਹੈ। ਸਟਾਫ਼ ਦੀ ਘਾਟ ਕਾਰਨ ਨਿਗਮ ਨੂੰ ਕਈ ਸੇਵਾਵਾਂ ਚਲਾਉਣ ਲਈ ਅਸਥਾਈ ਅਤੇ ਠੇਕੇ ’ਤੇ ਰੱਖੇ ਕਰਮਚਾਰੀਆਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਹ ਭਰਤੀ ਸਾਲ 2021 ਤੋਂ ਬਾਅਦ ਨਗਰ ਨਿਗਮ ਦੀ ਪਹਿਲੀ ਵੱਡੀ ਸਥਾਈ ਭਰਤੀ ਹੋਵੇਗੀ। ਇਸ ਤੋਂ ਪਹਿਲਾਂ ਸਾਲ 2021 ਵਿਚ ਕਰੀਬ 170 ਸਥਾਈ ਅਸਾਮੀਆਂ ਲਈ ਭਰਤੀ ਕੀਤੀ ਗਈ ਸੀ, ਜਿਸ ਦੀ ਪ੍ਰਕਿਰਿਆ ਪੂਰੀ ਹੋਣ ’ਚ ਇਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ ਸੀ। ਉਸ ਤੋਂ ਬਾਅਦ ਕਿਸੇ ਵੀ ਵੱਡੇ ਪੱਧਰ ’ਤੇ ਸਥਾਈ ਭਰਤੀ ਨਹੀਂ ਹੋਈ। ਮੌਜੂਦਾ ਭਰਤੀ ਪ੍ਰਕਿਰਿਆ ਤਹਿਤ 118 ਕਲਰਕ, 79 ਫਾਇਰਮੈਨ, 33 ਡਰਾਈਵਰ, 15 ਜੂਨੀਅਰ ਇੰਜੀਨੀਅਰ (ਪਬਲਿਕ ਹੈਲਥ), 5 ਇਨਫੋਰਸਮੈਂਟ ਸਬ-ਇੰਸਪੈਕਟਰ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਹੋਰ ਅਹੁਦੇ ਭਰੇ ਜਾਣਗੇ। ਇਨ੍ਹਾਂ ਅਹੁਦਿਆਂ ’ਤੇ ਨਿਯੁਕਤੀਆਂ ਹੋਣ ਨਾਲ ਨਿਗਮ ਦੇ ਵੱਖ-ਵੱਖ ਵਿਭਾਗਾਂ ਵਿਚ ਸਟਾਫ਼ ਦੀ ਕਮੀ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਉਮੀਦ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ ਨਗਰ ਨਿਗਮ ਹੁਣ ਭਰਤੀ ਪ੍ਰੀਖਿਆ ਕਰਵਾਉਣ ਲਈ ਇਕ ਸਰਕਾਰੀ ਏਜੰਸੀ ਦੀ ਚੋਣ ਕਰੇਗਾ। ਇਸ ਤੋਂ ਬਾਅਦ ਅਧਿਕਾਰਤ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪਹਿਲਾਂ ਨਗਰ ਨਿਗਮ ਵੱਡੇ ਪੱਧਰ ਦੀਆਂ ਭਰਤੀਆਂ ਲਈ ਪੰਜਾਬ ਯੂਨੀਵਰਸਿਟੀ ਦੀਆਂ ਸੇਵਾਵਾਂ ਲੈਂਦਾ ਰਿਹਾ ਹੈ, ਜਦਕਿ ਇਸ ਵਾਰ ਕਿਸੇ ਨਾਮਵਰ ਸਰਕਾਰੀ ਸੰਸਥਾ ਨੂੰ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਆਂ ਨਿਯੁਕਤੀਆਂ ਨਾਲ ਨਾ ਸਿਰਫ਼ ਸਟਾਫ਼ ਦੀ ਘਾਟ ਦੂਰ ਹੋਵੇਗੀ, ਸਗੋਂ ਨਾਗਰਿਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਵੀ ਸੁਧਾਰ ਆਵੇਗਾ। ਫ਼ਾਈਲਾਂ ਦੇ ਨਿਪਟਾਰੇ ਤੋਂ ਲੈ ਕੇ ਫੀਲਡ ਪੱਧਰ ਦੇ ਕੰਮਾਂ ਤੱਕ ਰਫ਼ਤਾਰ ਵਧੇਗੀ ਅਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਨਿਗਮ ਦੇ ਦਫ਼ਤਰਾਂ ਦੇ ਵਾਰ-ਵਾਰ ਚੱਕਰ ਵੀ ਨਹੀਂ ਲਗਾਉਣੇ ਪੈਣਗੇ।
ਪਿਛਲੀ ਖ਼ਬਰ ਪ੍ਰੋ. ਸੁਖਬੀਰ ਕੌਰ ਅੰਤਰਰਾਸ਼ਟਰੀ ਪ੍ਰਕਾਸ਼ਨ ਸੰਸਥਾ ਸਪ੍ਰਿੰਗਰ ਨੇਚਰ ਵਲੋਂ ‘ਐਡੀਟਰ ਆਫ਼ ਡਿਸਟਿੰਕਸ਼ਨ (ਐਡੀਟੋਰੀਅਲ ਕੰਟ੍... ਅਗਲੀ ਖ਼ਬਰ ਪੰਜਾਬ ਸਰਕਾਰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਰਾਹੀਂ ਮਹਿਲਾ ਸਸ਼ਕਤੀਕਰਨ ਲਈ ਵਚਨਬੱਧ-ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।