ਚੰਡੀਗੜ੍ਹ, 14 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈੱਲਫੇਅਰ ਵਿਭਾਗ ਵਲੋਂ ਕਰਵਾਏ ਗਏ ਸੱਤ ਦਿਨਾਂ ਯੂਥ ਲੀਡਰਸ਼ਿਪ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ। ਇਸ ਵਿਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਦੇ 91 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 46 ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੇ ਕੈਂਪ ਦੌਰਾਨ ਸ਼ਾਨਦਾਰ ਅਨੁਸ਼ਾਸਿਤ ਕਾਰਜਸ਼ੈਲੀ ਤੇ ਆਪਸੀ ਵਰਤਾਅ ਸਦਕਾ ‘ਬੈਸਟ ਸਪੋਰਟਿੰਗ ਕੈਂਪਰ’ ਦਾ ਐਵਾਰਡ ਹਾਸਲ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਕ ਹੋਰ ਵਿਦਿਆਰਥੀ ਕਰਮਜੀਤ ਸਿੰਘ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਹ ਲੀਡਰਸ਼ਿਪ ਕੈਂਪ ਵਿਦਿਆਰਥੀਆਂ ਲਈ ਇਕ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ ਜਿਸ ਨੇ ਉਨ੍ਹਾਂ ਵਿਚ ਆਤਮਵਿਸ਼ਵਾਸ, ਲੀਡਰਸ਼ਿਪ ਸਮਰੱਥਾ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਿਸ਼ਾ ਅਗਰਵਾਲ ਤੇ ਡਾ. ਬਲਜੀਤ ਸਿੰਘ ਕਨਵੀਨਰ ਸੱਭਿਆਚਾਰਕ ਮਾਮਲੇ ਨੇ ਕਾਲਜ ਨੂੰ ਹਾਰਦਿਕ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ।