12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਨਿਹੰਗ ਸਿੰਘਾਂ ਅਤੇ ਲੋਕਾਂ ਵਿਚਾਲੇ ਹੋਈ ਝੜਪ ਦੇ ਮਾਮਲੇ ’ਚ ਕੇਸ ਦਰਜ-ਸੋਹਾਣਾ

ਅਜੀਤ ਡੈਸਕ 23-06-2026
ਐੱਸ.ਏ.ਐੱਸ. ਨਗਰ, 22 ਜੂਨ (ਪ੍ਰੋ. ਅਵਤਾਰ ਸਿੰਘ)-ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਨਿਹੰਗ ਸਿੰਘਾਂ ਅਤੇ ਲੋਕਾਂ ਵਿਚਾਲੇ ਉੱਤਰਾਖੰਡ ਵਿਖੇ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਹੋਰਨਾਂ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੀ 16 ਜੂਨ ਨੂੰ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਦੇ ਕਰਨਪ੍ਰਯਾਗ ਬਾਜ਼ਾਰ ‘ਚ ਇਕ ਹੋਟਲ (ਕ੍ਰਿਸ਼ਨਾ ਪੈਲੇਸ) ਦੇ ਬਾਹਰ ਵਾਪਰੀ ਸੀ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਆ ਰਹੇ ਮੁਹਾਲੀ (ਪੰਜਾਬ) ਨਾਲ ਸੰਬੰਧਿਤ ਨਿਹੰਗ ਸਿੰਘ ਸ਼ਰਧਾਲੂਆਂ ਦਾ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਸਥਾਨਕ ਵਪਾਰੀਆਂ ਅਤੇ ਲੋਕਾਂ ਨਾਲ ਝਗੜਾ ਹੋ ਗਿਆ ਸੀ। ਇਹ ਮਾਮੂਲੀ ਬਹਿਸ ਇੰਨੀ ਵਧ ਗਈ ਕਿ ਦੋਵੇਂ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਤਲਵਾਰਾਂ ਚੱਲ ਗਈਆਂ। ਇਸ ਝੜਪ ‘ਚ 4 ਸਥਾਨਕ ਲੋਕ ਅਤੇ 1 ਨਿਹੰਗ ਸਿੰਘ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਇਕ ਗੰਭੀਰ ਜ਼ਖ਼ਮੀ ਨੂੰ ਏਅਰ ਐਂਬੂਲੈਂਸ ਰਾਹੀਂ ਇਲਾਜ ਵਾਸਤੇ ਦੇਹਰਾਦੂਨ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਪੁਲਿਸ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ ‘ਤੇ ਮੁਹਾਲੀ ਨਾਲ ਸੰਬੰਧਿਤ 4 ਨਿਹੰਗ ਸਿੰਘ ਨੌਜਵਾਨਾਂ ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਜੇ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਧਾਰਾ 307 (ਇਰਾਦਾ ਕਤਲ) ਵਰਗੀਆਂ ਸਖ਼ਤ ਧਾਰਾਵਾਂ ਲਗਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੇ ਹੋਰਨਾਂ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਉੱਤਰਾਖੰਡ ਪੁਲਿਸ ਵਲੋਂ ਇਸ ਮਾਮਲੇ ਵਿਚ ਇਕਪਾਸੜ ਕਾਰਵਾਈ ਕੀਤੀ ਗਈ ਹੈ ਕਿਉਂਕਿ ਦੂਜੀ ਧਿਰ (ਸਥਾਨਕ ਲੋਕਾਂ) ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਵਿਰੋਧ ‘ਚ ਕੁਝ ਨਿਹੰਗ ਸਿੰਘਾਂ ਨੇ ਰੁਦਰਪ੍ਰਯਾਗ ਦੇ ਨਗਰਾਸੂ ਗੁਰਦੁਆਰਾ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਾਂ ਅਤੇ ਅਕਾਲੀ ਦਲ ਦੇ ਆਗੂਆਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਪ੍ਰਸ਼ਾਸਨ ਅਤੇ ਸਿੱਖ ਵਫ਼ਦ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ (ਜਿਨ੍ਹਾਂ ‘ਚ ਗਊ ਰੱਖਿਆ ਸੰਘ, ਨੰਬਰਦਾਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਸ਼ਾਮਿਲ ਸਨ) ਵਲੋਂ ਉੱਤਰਾਖੰਡ ਸਰਕਾਰ ਤੱਕ ਪਹੁੰਚ ਕਰਨ ਤੋਂ ਬਾਅਦ ਹੁਣ ਪੁਲਿਸ ਵਲੋਂ ਦੂਜੀ ਧਿਰ (ਸਥਾਨਕ ਹਮਲਾਵਰਾਂ) ਖ਼ਿਲਾਫ਼ ਵੀ ਬਣਦੀਆਂ ਧਾਰਾਵਾਂ ਤਹਿਤ ਕਰਾਸ ਐਫ. ਆਈ. ਆਰ. ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਨਿਰਪੱਖ ਜਾਂਚ ਲਈ ਹੁਣ ਇਸ ਮਾਮਲੇ ਦੀ ਜਾਂਚ ਐਸ.ਪੀ. ਚਮੋਲੀ ਦੀ ਥਾਂ ਐਸ. ਪੀ. ਹਰਿਦੁਆਰ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਕਿਸੇ ਨਾਲ ਪੱਖਪਾਤ ਨਾ ਹੋਵੇ।
ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਨਜ਼ਰਬੰਦ ਨਿਹੰਗ ਸਿੰਘਾਂ ‘ਤੇ ਲੱਗੀਆਂ ਬੇਬੁਨਿਆਦ ਧਾਰਾਵਾਂ ਦੀ ਕਾਨੂੰਨੀ ਸਮੀਖਿਆ ਕਰਕੇ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜਲਦ ਰਿਹਾਅ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਸਿਕੰਦਰ ਸਿੰਘ ਚੋਲਟੀ ਖੇੜੀ ਪ੍ਰਧਾਨ ਗਊ ਰਕਸ਼ਾ ਸੰਘ, ਸਤਨਾਮ ਸਿੰਘ ਨਿਆਮੂਮਾਜਰਾ ਪ੍ਰਧਾਨ ਨੰਬਰਦਾਰ ਯੂਨੀਅਨ ਅਤੇ ਮਨਮੋਹਨ ਸਿੰਘ ਨਨੂੰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਲਗਾਏ ਗਏ ਨਾਕਿਆਂ ਨਾਲ ਪੰਜਾਬ ਵਿਚ ਪੁਲਿਸ ਦੀ ਮੌਜੂਦਗੀ ਵਧੀ ਅਗਲੀ ਖ਼ਬਰ ਬਜ਼ੁਰਗਾਂ ਦੀ ਸੇਵਾ ਅਤੇ ਸੰਭਾਲ ਲਈ ਪੰਜਾਬ ਸਰਕਾਰ ਵਚਨਬੱਧ-ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।