03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਬੱਚਿਆਂ ਅਤੇ ਮਾਪਿਆਂ ਨੂੰ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਵਾਈ

ਅਜੀਤ ਡੈਸਕ 19-06-2026
ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਸ੍ਰੀ ਅਨੰਦਪੁਰ ਸਾਹਿਬ ਖੇਤਰ) ਵਲੋਂ ਗੁਰਦੁਆਰਾ ਸਿੰਘ ਸਭਾ ਮੋਠਾਪੁਰ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਯਾਤਰਾ ਕਰਵਾਈ ਗਈ ਜਿਸ ਦੌਰਾਨ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪੰਜਾਂ ਇਤਿਹਾਸਕ ਕਿਲਿਆਂ ਅਤੇ ਪਵਿੱਤਰ ਗੁਰੂਧਾਮਾਂ ਦੇ ਦਰਸ਼ਨ-ਦੀਦਾਰੇ ਕਰਵਾਏ ਗਏ। ਯਾਤਰਾ ਦੀ ਸ਼ੁਰੂਆਤ ਕਿਲ੍ਹਾ ਲੋਹਗੜ੍ਹ ਸਾਹਿਬ ਤੋਂ ਹੋਈ ਜਿੱਥੇ ਵੀਰ ਦਲਵਿੰਦਰ ਸਿੰਘ ਸਮੀਰੋਵਾਲ ਨੇ ਸੰਗਤਾਂ ਨੂੰ ਕਿਲ੍ਹੇ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਪਰੰਤ ਸੰਗਤਾਂ ਨੇ ਕਿਲ੍ਹਾ ਤਾਰਾਗੜ੍ਹ ਸਾਹਿਬ, ਮੋਹੀਵਾਲ ਵਿਖੇ ਭਾਈ ਘਨੱਈਆ ਜੀ ਦੇ ਤਪ ਅਸਥਾਨ ਤੇ ਬਾਉਲੀ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਸ਼ਮਸ਼ੇਰ ਸਿੰਘ ਕੋਟਲਾ ਨੇ ਭਾਈ ਘਨੱਈਆ ਜੀ ਦੇ ਜੀਵਨ, ਨਿਸ਼ਕਾਮ ਸੇਵਾ ਤੇ ਗੁਰੂ ਸਾਹਿਬ ਪ੍ਰਤੀ ਉਨ੍ਹਾਂ ਦੀ ਅਟੁੱਟ ਸ਼ਰਧਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ ਤੇ ਕ੍ਰਮਵਾਰ ਕਿਲ੍ਹਾ ਅਨੰਦਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ ਤੇ ਕਿਲ੍ਹਾ ਹੋਲਗੜ੍ਹ ਸਾਹਿਬ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਭਾਈ ਦਲਵਿੰਦਰ ਸਿੰਘ ਸਮੀਰੋਵਾਲ, ਸ਼ਮਸ਼ੇਰ ਸਿੰਘ ਕੋਟਲਾ, ਕੈਪਟਨ ਗੁਰਪ੍ਰੀਤਮ ਸਿੰਘ ਅਤੇ ਦਿਆਲ ਸਿੰਘ ਮੁਕਾਰੀ ਨੇ ਬੜੇ ਰੋਚਕ ਢੰਗ ਨਾਲ ਇਤਿਹਾਸਕ ਪਹਿਲੂਆਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਲਗਭਗ 60 ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਚੜ੍ਹਦੀ ਕਲਾ ਨਾਲ ਜੈਕਾਰੇ ਗਜਾਉਂਦੇ ਹੋਏ ਇਸ ਯਾਤਰਾ ਵਿਚ ਭਾਗ ਲਿਆ। ਯਾਤਰਾ ਨੂੰ ਸਫਲ ਬਣਾਉਣ ’ਚ ਬੀਬੀ ਪ੍ਰਭਜੋਤ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਗੁਰਦੀਪ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਜਸਪ੍ਰੀਤ ਕੌਰ, ਦਵਿੰਦਰ ਕੌਰ, ਰੇਸ਼ਮ ਕੌਰ, ਪੁਸ਼ਵਿੰਦਰ ਕੌਰ ਤੇ ਨੀਲਮ ਰਾਣੀ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਜ਼ੀਰਕਪੁਰ-ਪਟਿਆਲਾ ਸੜਕ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸਿੰਘਪੁਰ ਹਸਪਤਾਲ ਵਿਖੇ ਰਾਸ਼ਟਰੀ ਪਲਸ ਪੋਲੀਓ ਰਾਊਂਡ ਤਹਿਤ ਸੁਪਰਵਾਈਜ਼ਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।