08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਿੰਡ ਤੋਗਾਂਪੁਰ ਤੇ ਆਗਾਂਪੁਰ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਚੋਰੀ ਕਰਨ ਵਾਲਾ ਪੁਲਿਸ ਅੜਿੱਕੇ ਚੜਿ੍ਹਆ

ਅਜੀਤ ਡੈਸਕ 06-06-2026
ਲਾਲੜੂ, 5 ਜੂਨ (ਰਾਜਬੀਰ ਸਿੰਘ)- ਪਿੰਡ ਆਗਾਂਪੁਰ ਤੇ ਤੋਗਾਂਪੁਰ ਦੇ ਗੁਰਦੁਆਰਾ ਸਾਹਿਬਾਨ ਤੋਂ ਦੋ ਵਿਅਕਤੀ ਭਰੀਆਂ ਹੋਈਆਂ ਗੋਲਕ ਚੁੱਕ ਕੇ ਫ਼ਰਾਰ ਹੋ ਗਏ ਸਨ ਅਤੇ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਸੀ | ਇਸ ਦੇ ਆਧਾਰ 'ਤੇ ਲਾਲੜੂ ਥਾਣੇ ਨੇ ਚਾਰ ਮਹੀਨਿਆਂ ਬਾਅਦ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਹੋਣ ਤੋਂ ਬਾਅਦ ਕਥਿਤ ਮੁਲਜ਼ਮ ਨੇ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਤੇ ਉਸ ਦੀ ਲੱਤ ਟੁੱਟ ਗਈ | ਪੁਲਿਸ ਉਸ ਦੇ ਸਾਥੀ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਗੁਰਦੁਆਰਾ ਸਾਹਿਬਾਨਾਂ ਤੋਂ ਚੁੱਕੀਆਂ ਗੋਲਕਾਂ ਨੂੰ ਚੋਰ ਖਾਲੀ ਕਰਕੇ ਨੇੜਲੇ ਖੇਤਾਂ 'ਚ ਸੁੱਟ ਗਏ ਸਨ, ਜੋ ਕਿ ਅਗਲੀ ਸਵੇਰ ਬਰਾਮਦ ਹੋ ਗਈਆਂ ਸਨ | ਦੋਵੇਂ ਘਟਨਾਵਾਂ ਨੂੰ ਇਕੋ ਗਰੋਹ ਵਲੋਂ ਅੰਜਾਮ ਦਿੱਤਾ ਗਿਆ ਸੀ ਤੇ ਚੋਰੀ ਦਾ ਤਰੀਕਾ ਵੀ ਇਕੋ ਸੀ | ਸੀ. ਸੀ. ਟੀ. ਵੀ. ਫੁਟੇਜ਼ ਅਨੁਸਾਰ ਦੋ ਵਿਅਕਤੀ ਸਵੇਰੇ 2:15 ਵਜੇ ਦੇ ਕਰੀਬ ਗੁਰਦੁਆਰਾ ਸਾਹਿਬਾਨ ਵਿਖੇ ਦਾਖ਼ਲ ਹੁੰਦੇ ਹਨ ਅਤੇ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ | ਪਿੰਡ ਤੋਗਾਂਪੁਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਗੋਲਕ ਛੇ ਮਹੀਨਿਆਂ ਤੋਂ ਨਹੀਂ ਖੋਲ੍ਹੀ ਗਈ ਸੀ ਜਿਸ ਕਾਰਨ ਗੋਲਕ 'ਚ 1 ਲੱਖ ਤੋਂ ਵੱਧ ਮਾਇਆ ਸੀ | ਇਸੇ ਤਰ੍ਹਾਂ ਪਿੰਡ ਆਗਾਂਪੁਰ 'ਚ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਦਾ ਤਾਲਾ ਤੋੜ ਕੇ ਗੋਲਕ ਚੋਰੀ ਕਰ ਲਈ ਸੀ ਤੇ ਖਾਲੀ ਗੋਲਕ ਅਗਲੇ ਦਿਨ ਖੇਤਾਂ 'ਚੋਂ ਬਰਾਮਦ ਹੋਈ ਸੀ | ਇਸ ਸੰਬੰਧ 'ਚ ਗੁਰਮੁੱਖ ਸਿੰਘ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਸੀ | ਮਾਮਲੇ ਦੀ ਜਾਂਚ ਦੌਰਾਨ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਥਿਤ ਮੁਲਜ਼ਮ ਨੂੰ ਲਾਲੜੂ ਖੇਤਰ 'ਚੋਂ ਗਿ੍ਫ਼ਤਾਰ ਕਰ ਲਿਆ ਗਿਆ |
ਪਿਛਲੀ ਖ਼ਬਰ ਇੰਸਟਾਗ੍ਰਾਮ ਰਾਹੀਂ ਬਾਲ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਮਾਮਲੇ 'ਚ ਸਾਈਬਰ ਥਾਣੇ ਵਲੋਂ ਕੇਸ ਦਰਜ ਅਗਲੀ ਖ਼ਬਰ 4 ਕਰੋੜ ਦੀ ਬੈਂਕ ਧੋਖਾਧੜੀ ਦੇ ਮਾਮਲੇ 'ਚ ਫਰਮ ਦੇ ਭਾਈਵਾਲ ਨੂੰ 3 ਸਾਲਾਂ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।