ਐੱਸ. ਏ. ਐੱਸ. ਨਗਰ, 2 ਜੂਨ (ਪ੍ਰੋ. ਅਵਤਾਰ ਸਿੰਘ)-ਭਾਸ਼ਾ ਵਿਭਾਗ ਪੰਜਾਬ ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਹਮੇਸ਼ਾ ਸਰਗਰਮ ਰਹਿੰਦਾ ਹੈ | ਇਸੇ ਲੜੀ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵਿਖੇ ਉਰਦੂ ਆਮੋਜ਼ ਦੀ ਸਿਖਲਾਈ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਦਰਸ਼ਨ ਕੌਰ ਖੋਜ ਅਫ਼ਸਰ ਮੁਹਾਲੀ ਨੇ ਦੱਸਿਆ ਕਿ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਉਰਦੂ ਆਮੋਜ਼ ਦੇ ਕੋਰਸ ਦੀ ਦਾਖ਼ਲਾ ਅਤੇ ਪ੍ਰੀਖਿਆ ਫ਼ੀਸ ਇਕਮੁਸ਼ਤ 500 ਰੁ. ਤੈਅ ਕੀਤੀ ਗਈ ਹੈ | ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਕਲਾਸ ਦਾ ਸਮਾਂ ਰੋਜ਼ਾਨਾ 1 ਘੰਟਾ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ 'ਚ ਦਾਖ਼ਲਾ ਲੈ ਸਕਦਾ ਹੈ | ਇਥੋਂ ਤੱਕ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਉਰਦੂ ਆਮੋਜ਼ ਦੀ ਸਿਖਲਾਈ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਉਰਦੂ ਆਮੋਜ਼ ਦੀ ਸਿਖਲਾਈ ਲਈ ਫਾਰਮ ਭਰਨ ਦੀ ਆਖਰੀ ਮਿਤੀ ਆਗਾਮੀ 24 ਜੂਨ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਦਾਖ਼ਲਾ ਲੈਣ ਦੇ ਚਾਹਵਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਿਲ 'ਤੇ ਸਥਿਤ ਕਮਰਾ ਨੰ. 518 (ਏ) ਵਿਚਲੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਤੋਂ ਕਿਸੇ ਵੀ ਕੰਮਕਾਜ ਵਾਲੇ ਦਿਨ ਮੁਫ਼ਤ ਦਾਖ਼ਲਾ ਫਾਰਮ ਪ੍ਰਾਪਤ ਕਰ ਸਕਦੇ ਹਨ |