17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕੰਪਨੀ ਦਾ ਡਾਟਾ ਤੇ ਲੈਪਟਾਪ ਚੋਰੀ ਕਰਨ ਦੇ ਦੋਸ਼ ਹੇਠ 15 ਵਿਅਕਤੀਆਂ ਖ਼ਿਲਾਫ਼ ਸਾਈਬਰ ਪੁਲਿਸ ਵਲੋਂ ਮਾਮਲਾ ਦਰਜ

ਅਜੀਤ ਡੈਸਕ 10-04-2026
ਐੱਸ. ਏ. ਐੱਸ. ਨਗਰ, 9 ਅਪ੍ਰੈਲ (ਕਪਿਲ ਵਧਵਾ)–ਮੁਹਾਲੀ ਪੁਲਿਸ ਨੇ ਇਕ ਕੰਪਨੀ ਦੇ ਸੰਵੇਦਨਸ਼ੀਲ ਡਾਟਾ, ਲੈਪਟਾਪ ਅਤੇ ਸਿਸਟਮ ਨਾਲ ਛੇੜਛਾੜ ਕਰਕੇ ਵੱਡੀ ਆਰਥਿਕ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 15 ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਪ੍ਰਾਪਤ ਹੋਣ 'ਤੇ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਅਸੋਫਟੈੱਕ ਸਲਿਊਸ਼ਨਜ਼ ਪ੍ਰਾ. ਲਿ. (ਮੌਜੂਦਾ ਨਾਂਅ ਅਪੈਟਿ੍ਕਸ ਆਈ. ਟੀ. ਸਲਿਊਸ਼ਨਜ਼) ਦੇ ਮੈਨੇਜਿੰਗ ਡਾਇਰੈਕਟਰ ਅਕਸ਼ੇ ਤਿਵਾੜੀ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ | ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕੰਮ ਲਈ ਲੈਪਟਾਪ ਅਤੇ ਮਹੱਤਵਪੂਰਨ ਡਾਟਾ ਸੌਂਪਿਆ ਹੋਇਆ ਸੀ, ਪਰ ਦੋਸ਼ ਹੈ ਕਿ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਸਮੇਤ ਹੋਰਨਾਂ ਮੁਲਜ਼ਮਾਂ ਨੇ ਸਾਜ਼ਿਸ਼ ਰਚ ਕੇ ਕੰਪਨੀ ਦੇ ਲੈਪਟਾਪ, ਡਾਟਾ ਅਤੇ ਹੋਰ ਸ੍ਰੋਤ ਚੋਰੀ ਕਰ ਲਏ | ਇਸ ਦੇ ਨਾਲ ਹੀ ਕੰਪਨੀ ਦੇ ਸਿਸਟਮ ਅਤੇ ਦਸਤਾਵੇਜ਼ਾਂ ਨਾਲ ਵੀ ਛੇੜਛਾੜ ਕਰਕੇ ਉਨ੍ਹਾਂ ਨੂੰ ਨਿੱਜੀ ਲਾਭ ਲਈ ਵਰਤਿਆ ਗਿਆ | ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ 13 ਅਗਸਤ 2025 ਨੂੰ ਸਾਰੇ ਮੁਲਜ਼ਮ ਇਕੱਠੇ ਹੋ ਕੇ ਦਫ਼ਤਰ (ਫੇਜ਼-8 ਏ ਸੈਕਟਰ-74 ਮੁਹਾਲੀ) ਤੋਂ ਬਿਨਾਂ ਇਜਾਜ਼ਤ ਲੈਪਟਾਪ ਅਤੇ ਡਾਟਾ ਲੈ ਕੇ ਚਲੇ ਗਏ | ਬਾਅਦ 'ਚ ਉਨ੍ਹਾਂ ਨੇ ਕੰਪਨੀ ਦੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਅਤੇ ਕਲਾਇੰਟਾਂ ਦੀ ਪਛਾਣ ਤੇ ਜਾਣਕਾਰੀ ਦਾ ਗ਼ਲਤ ਇਸਤੇਮਾਲ ਕਰਕੇ ਨਿੱਜੀ ਕਾਰੋਬਾਰ ਚਲਾਉਣਾ ਸ਼ੁਰੂ ਕਰ ਦਿੱਤਾ | ਦੋਸ਼ ਹੈ ਕਿ ਮੁਲਜ਼ਮਾਂ ਨੇ ਕੰਪਨੀ ਦੇ ਗ੍ਰਾਹਕਾਂ ਨਾਲ ਸੰਪਰਕ ਕਰਕੇ ਧੋਖੇ ਨਾਲ ਕਾਰੋਬਾਰ ਹਾਸਿਲ ਕੀਤਾ ਹੈ, ਜਿਸ ਕਾਰਨ ਕੰਪਨੀ ਨੂੰ ਲਗਭਗ 4.50 ਕਰੋੜ ਰੁ. ਦਾ ਨੁਕਸਾਨ ਹੋਇਆ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਡਾਟਾ ਨੂੰ ਤੀਜੇ ਪੱਖ ਨਾਲ ਸਾਂਝਾ ਕਰਕੇ ਭਰੋਸੇ ਦੀ ਉਲੰਘਣਾ ਵੀ ਕੀਤੀ | ਪੁਲਿਸ ਵਲੋਂ ਦੱਸਿਆ ਗਿਆ ਕਿ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਅਤੇ ਆਈ. ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮਾਂ ਵਲੋਂ ਚੋਰੀ ਕੀਤਾ ਗਿਆ ਡਾਟਾ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿਚ ਹੈ ਅਤੇ ਇਸ ਦਾ ਕਿੰਨਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸਾਰੇ ਤੱਥਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜਾਰੀ ਹੈ |
ਪਿਛਲੀ ਖ਼ਬਰ 16% ਡੀ.ਏ ਦਾ ਬਕਾਇਆ ਜੂਨ 30, 2026 ਤੱਕ ਦੇਣ ਦੇ ਅਦਾਲਤ ਹੁਕਮ ਦੀ ਸ਼ਲਾਘਾ ਅਗਲੀ ਖ਼ਬਰ 293 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।