ਐੱਸ. ਏ. ਐੱਸ. ਨਗਰ, 31 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਦੋ ਇੰਮੀਗ੍ਰੇਸ਼ਨ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੈਸ. ਹਰਸੁੱਖ ਸਟੱਡੀ ਵੀਜ਼ਾ ਅਤੇ ਇੰਮੀਗ੍ਰੇਸ਼ਨ ਫਰਮ (ਐੱਸ. ਸੀ. ਓ. ਨੰ. 132 ਦੂਜੀ ਮੰਜ਼ਿਲ ਫੇਜ਼-7 ਮੁਹਾਲੀ) ਦੇ ਮਾਲਕ ਮੋਹਣ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰ. 2070 ਐਮ. ਆਈ. ਜੀ. (ਆਈ) ਸੈਕਟਰ-70 ਮੁਹਾਲੀ ਨੂੰ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਤੇ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 1 ਅਗਸਤ 2028 ਤੱਕ ਹੈ | ਉਨ੍ਹਾਂ ਦੱਸਿਆ ਕਿ ਫਰਮ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਸੰਬੰਧੀ ਸੂਚਨਾ ਨਾ ਭੇਜ ਕੇ, ਦਫ਼ਤਰ ਬੰਦ ਰੱਖ ਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਕੇ ਅਤੇ ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਚਲਦਿਆਂ ਮੈਸ. ਹਰਸੁੱਖ ਸਟੱਡੀ ਵੀਜ਼ਾ ਅਤੇ ਇੰਮੀਗ੍ਰੇਸ਼ਨ ਫਰਮ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੈਵਨ ਸੀਜ਼ ਕੰਸਲਟੈਂਟਸ ਫਰਮ (ਐੱਸ. ਸੀ. ਓ. ਨੰ.527 ਪਹਿਲੀ ਮੰਜ਼ਿਲ ਸੈਕਟਰ-70 ਮੁਹਾਲੀ) ਦੇ ਮਾਲਕ ਦਿਲਰਾਜ ਸਿੰਘ ਧਾਲੀਵਾਲ ਪੁੱਤਰ ਅਵਤਾਰ ਸਿੰਘ ਮੂਲ ਵਾਸੀ ਮ. ਨੰ. 118 ਸੈਕਟਰ-10ਏ ਚੰਡੀਗੜ੍ਹ ਤੇ ਹਾਲ ਵਾਸੀ ਮ. ਨੰ. 14 ਸੈਕਟਰ-3 ਚੰਡੀਗੜ੍ਹ ਨੂੰ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਤੇ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 7 ਜਨਵਰੀ 2026 ਨੂੰ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਲਾਇਸੰਸੀ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੰਸ ਰੀਨਿਊ ਨਾ ਕਰਵਾ ਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਚਲਦਿਆਂ ਸੈਵਨ ਸੀਜ਼ ਕੰਸਲਟੈਂਟਸ ਫਰਮ ਨੂੰ ਜਾਰੀ ਲਾਇਸੰਸ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ |