ਚੰਡੀਗੜ੍ਹ, 31 ਮਾਰਚ (ਅਜਾਇਬ ਸਿੰਘ ਔਜਲਾ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਇੱਕ ਅਹਿਮ ਮੀਟਿੰਗ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਬੜੇ ਵਿਸਥਾਰ ਨਾਲ ਮੰਗ-ਪੱਤਰ 'ਤੇ ਇੱਕ ਇੱਕ ਮੰਗ ਨੂੰ ਲੈ ਕੇ ਚਰਚਾ ਹੋਈ | ਮੀਟਿੰਗ 'ਚ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਵਿਭਾਗ ਦੇ ਡਾਇਰੈਕਟਰ ਸ਼ੀਨਾ ਅਗਰਵਾਲ, ਡਿਪਟੀ ਡਇਰੈਕਟਰ ਅਮਰਜੀਤ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਮੌਜੂਦ ਸਨ | ਦੌਰਾਨ ਯੂਨੀਅਨ ਦੀ ਪ੍ਰਤੀਨਿਧਤਾ ਕੌਮੀ ਜਰਨਲ ਸਕੱਤਰ ਊਸ਼ਾ ਰਾਣੀ, ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਰਨਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮਿ੍ਤਪਾਲ ਕੌਰ ਸ਼ਾਮਿਲ ਹੋਏ | ਆਗੂਆਂ ਨੇ ਦੱਸਿਆ ਕਿ ਕੌਮੀ ਜਨਰਲ ਸਕੱਤਰ ਊਸ਼ਾ ਰਾਣੀ ਨੇ ਇਕ ਇਕ ਮੰਗ ਨੂੰ ਮੰਤਰੀ ਦੇ ਧਿਆਨ ਵਿਚ ਲਿਆਂਦਾ | ਜਿਨ੍ਹਾਂ 'ਤੇ ਮੰਤਰੀ ਵਲੋਂ ਹਾਂ-ਪੱਖੀ ਰਵੱਈਆ ਅਪਣਾਉਂਦੇ ਹੋਏ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ | ਮੁਲਾਜ਼ਮ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਯੂਨੀਅਨ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਪੈਨਸ਼ਨ ਅਤੇ ਗ੍ਰੇਚੂਇਟੀ ਦੇ ਮਸਲੇ ਨੂੰ ਪ੍ਰਮੁੱਖ ਤੌਰ 'ਤੇ ਉਠਾਇਆ ਗਿਆ | ਜਿਸ ਸਬੰਧੀ ਮੰਤਰੀ ਨੇ ਦੱਸਿਆ ਕਿ ਮਾਮਲਾ ਸਰਕਾਰ ਵੱਲੋਂ ਏ.ਜੀ. ਕੋਲ ਭੇਜਿਆ ਜਾ ਚੁੱਕਾ ਹੈ, ਉਨ੍ਹਾਂ ਇਸ ਮੰਗ ਉਤੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ | ਇਸ ਤੋਂ ਇਲਾਵਾ ਹਰ ਸਾਲ ਲੱਗਣ ਵਾਲਾ ਇੰਕਰੀਮੈਂਟ 500 ਤੋਂ ਵਧਾ ਕੇ ਦੁਗਣਾ ਕਰਨ ਦੀ ਮੰਗ ਕੀਤੀ ਗਈ, ਜਿਸ ਸਬੰਧੀ ਮੰਤਰੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ | ਹੈਲਪਰਾਂ ਦੀ ਤਰੱਕੀ ਦੇ ਮਸਲੇ ਬਾਰੇ ਮੰਤਰੀ ਅਤੇ ਵਿਭਾਗੀ ਸਕੱਤਰ ਨੇ ਭਰੋਸਾ ਦਿਵਾਇਆ ਕਿ ਇਸ ਸਬੰਧੀ ਜਲਦੀ ਗੱਲਬਾਤ ਕਰਕੇ ਉਚਿਤ ਫੈਸਲਾ ਲਿਆ ਜਾਵੇਗਾ | ਇਸੇ ਦੌਰਾਨ ਯੂਨੀਅਨ ਦੇ ਆਗੂਆਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਨੇ 1 ਅਪ੍ਰੈਲ ਨੂੰ ਬਲੈਕ ਡੇਅ ਮੌਕੇ ਸਮੂਹ ਵਰਕਰਾਂ ਤੇ ਹੈਲਪਰਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਜਾਂ ਕਾਲੇ ਦੁਪੱਟੇ ਲੈ ਕੇ ਸੈਂਟਰ ਵਿਚ ਕੰਮ ਕਰਨ ਦੇ ਨਾਲ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨਗੀਆਂ |