05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਰਾਹਗੀਰਾਂ ਦੀ ਸਹਾਇਤਾ ਨਾਲ ਕਾਬੂ

ਅਜੀਤ ਡੈਸਕ 08-03-2026
ਐਸ. ਏ. ਐਸ. ਨਗਰ, 7 ਮਾਰਚ (ਕਪਿਲ ਵਧਵਾ)–ਵਾਹਨ ਚੋਰੀ ਤੇ ਮੋਬਾਈਲ ਸਨੈਚਿੰਗ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਇਕ ਮੁਲਜ਼ਮ ਨੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਮੁੜ ਕਾਬੂ ਕਰ ਲਿਆ | ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਬਣਦੀ ਅਪਰਾਧਿਕ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ | ਜਾਣਕਾਰੀ ਅਨੁਸਾਰ ਉਦਯੋਗਿਕ ਖੇਤਰ ਫੇਜ਼-8 ਦੇ ਇੰਚਾਰਜ ਆਪਣੀ ਟੀਮ ਨਾਲ ਇਕ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਗੁਰਚਰਨ ਸਿੰਘ, ਸਲਮਾਨ ਅਤੇ ਹਰਮਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਗਏ ਸਨ | ਅਦਾਲਤ 'ਚ ਪੇਸ਼ੀ ਤੋਂ ਬਾਅਦ ਅਦਾਲਤ ਵਲੋਂ ਤਿੰਨਾਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਪੁਲਿਸ ਟੀਮ ਜਦੋਂ ਅਦਾਲਤ ਤੋਂ ਵਾਪਸ ਥਾਣਾ ਫੇਜ਼-1 ਮੁਹਾਲੀ ਵੱਲ ਆ ਰਹੀ ਸੀ ਤਾਂ ਮੁਲਜ਼ਮ ਹਰਮਨਦੀਪ ਸਿੰਘ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਨੂੰ ਪਿਸ਼ਾਬ ਆਇਆ ਹੈ | ਜਦੋਂ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਰਸਤੇ 'ਚ ਪਿਸ਼ਾਬ ਕਰਵਾਉਣ ਲਈ ਰੋਕਿਆ ਤਾਂ ਇਸ ਦੌਰਾਨ ਹਰਮਨਦੀਪ ਸਿੰਘ ਨੇ ਏ. ਐਸ. ਆਈ. ਰਣਜੀਤ ਸਿੰਘ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਇਸ ਤੋਂ ਬਾਅਦ ਏ. ਐਸ. ਆਈ. ਰਣਜੀਤ ਸਿੰਘ ਤੇ ਕਾਂਸਟੇਬਲ ਬਲਜਿੰਦਰ ਸਿੰਘ ਉਸ ਦੇ ਪਿੱਛੇ ਭੱਜੇ | ਭੱਜਦੇ ਸਮੇਂ ਮੁਲਜ਼ਮ ਹਰਮਨਦੀਪ ਸਿੰਘ ਸੜਕ 'ਤੇ ਇਕ ਗੱਡੀ ਨਾਲ ਟਕਰਾ ਕੇ ਡਿੱਗ ਗਿਆ, ਪਰ ਪੁਲਿਸ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਉਹ ਮੁੜ ਉੱਠ ਕੇ ਦੌੜ ਪਿਆ | ਇਸ ਦੌਰਾਨ ਪੁਲਿਸ ਟੀਮ ਵਲੋਂ ਰੌਲਾ ਪਾਉਣ 'ਤੇ ਉਥੇ ਮੌਜੂਦ ਰਾਹਗੀਰਾਂ ਨੇ ਉਸ ਨੂੰ ਕਾਬੂ ਕਰ ਲਿਆ | ਜਦੋਂ ਮੁਲਜ਼ਮ ਫਿਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਕੁਝ ਲੋਕਾਂ ਨੇ ਉਸ ਨੂੰ ਥੱਪੜ ਤੇ ਘਸੁੰਨ ਵੀ ਮਾਰੇ | ਇਸ ਦੌਰਾਨ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਤੇ ਮੁਲਜ਼ਮ ਹਰਮਨਦੀਪ ਸਿੰਘ ਨੂੰ ਮੁੜ ਗਿ੍ਫ਼ਤਾਰ ਕਰ ਲਿਆ | ਪੁਲਿਸ ਅਨੁਸਾਰ ਉਕਤ ਤਿੰਨਾਂ ਵਿਅਕਤੀਆਂ ਨੂੰ ਪਹਿਲਾਂ ਹੀ ਵਾਹਨ ਚੋਰੀ ਅਤੇ ਮੋਬਾਈਲ ਸਨੈਚਿੰਗ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਹੁਣ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਵੱਖਰਾ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਬੁੜੈਲ ਮਾਡਲ ਜੇਲ੍ਹ 'ਚ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜਾਂ 'ਚ ਮੰਗਾਂ ਸੰਬੰਧੀ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਦਿੱਤਾ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।