ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੱਤਰ ਜਾਰੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਜ਼ਿਲ੍ਹਾ ਅੰਮਿ੍ਤਸਰ ਦੀ ਪਿ੍ੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਿ੍ੰਸੀਪਲ ਰੇਖਾ ਮਹਾਜਨ ਵਲੋਂ ਡੀ.ਪੀ.ਈ. ਅਧਿਆਪਕ ਜੋਰਇੰਦਰ ਸਿੰਘ ਲਈ ਜਾਤੀ ਸੂਚਕ ਸ਼ਬਦਾਵਲੀ ਵਰਤੀ ਸੀ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਗਠਿਤ ਦੋ ਮੈਂਬਰੀ ਕਮੇਟੀ ਵਲੋਂ ਵੀ ਰੇਖਾ ਮਹਾਜਨ ਖਿਲਾਫ਼ ਸ਼ਿਕਾਇਤ ਨੂੰ ਦਰੁਸਤ ਪਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ ਗਏ ਹਨ ਅਤੇ 29 ਜਨਵਰੀ 2026 ਨੂੰ ਕੇਸ ਸਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਤੋਂ ਨਿੱਜੀ ਪੇਸ਼ੀ ਦੌਰਾਨ ਰਿਪੋਰਟ ਮੰਗੀ ਗਈ ਹੈ |