ਐੱਸ. ਏ. ਐੱਸ. ਨਗਰ, 21 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਨੇੜਲੇ ਪਿੰਡ ਕੁਰੜੀ ਵਿਖੇ ਮੁਹਾਲੀ ਦੇ ਐਰੋਟਰੋਪੋਲਿਸ ਖੇਤਰ ਦੇ ਵਿਸਥਾਰ ਲਈ 6 ਪਾਕਿਟਾਂ ਈ. ਐੱਫ਼. ਜੀ. ਐੱਚ. ਆਈ ਤੇ ਜੇ. ਸਥਾਪਿਤ ਕਰਨ ਲਈ 8 ਪਿੰਡਾਂ ਕੁਰੜੀ, ਬੜੀ, ਪੱਤੋਂ, ਮਟਰਾਂ, ਛੱਤ, ਕਿਸ਼ਨਪੁਰਾ, ਮਟਰਾਂ ਤੇ ਸਿਆਊ ਦੀ ਐਕਵਾਇਰ ਕੀਤੀ ਜਾ ਰਹੀ 3553 ਏਕੜ ਜ਼ਮੀਨ ਨੂੰ ਲੈ ਕੇ ਅੱਜ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ | ਅੱਜ ਏ. ਡੀ. ਸੀ. ਮੁਹਾਲੀ ਦੀ ਅਗਵਾਈ ਹੇਠ ਜ਼ਮੀਨ ਸੰਬੰਧੀ ਕਿਸਾਨਾਂ ਨੂੰ ਉਜਾੜਾ ਭੱਤਾ ਦੇਣ ਬਾਬਤ ਪਿੰਡ ਕੁਰੜੀ ਵਿਖੇ ਜਨਤਕ ਸੁਣਵਾਈ ਹੋਈ | ਇਸ ਮੌਕੇ ਗਮਾਡਾ ਦੀ ਟੀਮ ਵੀ ਹਾਜ਼ਰ ਸੀ | ਇਸ ਮੌਕੇ ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਜਗਰੂਪ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਨੇ ਏ. ਡੀ. ਸੀ. ਨੂੰ ਸਾਢੇ ਪੰਜ ਲੱਖ ਪ੍ਰਤੀ ਪਰਿਵਾਰ ਦਾ ਉਜਾੜਾ ਭੱਤਾ ਸਿਰਫ਼ ਪਰਿਵਾਰ ਦੇ ਮੁਖੀ ਨੂੰ ਹੀ ਦੇਣ ਦੀ ਥਾਂ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਬਰਾਬਰ ਦੇਣ, ਲੈਂਡ ਪੂਲਿੰਗ ਲਈ ਦਿੱਤੀ ਜਾਂਦੀ ਜ਼ਮੀਨ ਵਿਚ ਵਾਧਾ ਕਰਨ, ਪ੍ਰਾਈਮ ਲੋਕੇਸ਼ਨਾਂ 'ਤੇ ਵੀ ਕਿਸਾਨਾਂ ਨੂੰ ਬਰਾਬਰ ਹਿੱਸੇਦਾਰੀ ਦੇਣ, ਕਮਰਸ਼ੀਅਲ ਅਤੇ ਰਿਹਾਇਸ਼ੀ ਪਲਾਟ ਦੇਣ ਲਈ ਸਮਾਂਸੀਮਾ ਤੈਅ ਕਰਨ, ਖੇਤਰ ਦੇ ਵਿਕਾਸ ਲਈ ਸਮਾਂ-ਸੀਮਾ ਤੈਅ ਕਰਨ ਅਤੇ ਜ਼ਮੀਨ ਗ੍ਰਹਿਣ ਕਰਨ ਲਈ ਜਾਰੀ ਕੀਤੇ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਹੋ ਚੁੱਕੇ ਬਿਆਨਿਆਂ ਦੀਆਂ ਰਜਿਸਟਰੀਆਂ ਲਈ ਸਮਾਂ ਦੇਣ ਦੀ ਮੰਗ ਕੀਤੀ | ਇਸੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਗਮਾਡਾ ਨੂੰ ਜ਼ਮੀਨ ਐਕਵਾਇਰ ਨਹੀਂ ਕਰਨ ਦੇਣਗੇ | ਇਸ ਮੌਕੇ ਕਿਸਾਨਾਂ ਨੇ ਇਨ੍ਹਾਂ 8 ਪਿੰਡਾਂ ਨੂੰ 200 ਫੁੱਟੀ ਸਿੱਧੀ ਸੜਕ ਨਾਲ ਜੋੜਨ, ਸਹੂਲਤ ਸਰਟੀਫ਼ਿਕੇਟ ਦੀ ਮਿਆਦ 5 ਸਾਲ ਕਰਨ, ਪਿੰਡਾਂ ਲਈ ਸਾਂਝੇ ਮਨੋਰਥਾਂ ਵਾਸਤੇ 5 ਏਕੜ ਥਾਂ ਰਿਜ਼ਰਵ ਛੱਡਣ, ਲਾਲ ਲਕੀਰ ਵਿਚ ਵਾਧਾ ਕਰਕੇ ਲਾਲ ਲਕੀਰ ਤੋਂ ਬਾਹਰ ਬਣੇ ਮਕਾਨਾਂ ਨੂੰ ਰੈਗੂਲਰ ਕਰਨ, ਪਿੰਡਾਂ ਦੇ ਸੀਵਰੇਜ ਤੇ ਪਾਣੀ ਦੀਆਂ ਲਾਈਨਾਂ ਸ਼ਹਿਰੀ ਖੇਤਰ ਨਾਲ ਜੋੜਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕਾਰਨਰ ਤੇ ਪਾਰਕ ਫੇਸਿੰਗ ਪਲਾਟ ਬਿਨਾਂ ਕਿਸੇ ਵਾਧੂ ਖ਼ਰਚੇ ਤੋਂ ਕਿਸਾਨਾਂ ਨੂੰ ਦੇਣ ਦੀ ਮੰਗ ਵੀ ਕੀਤੀ |