14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੇਅਰ ਦੀ ਕੁਰਸੀ ਲਈ ਜੋੜ-ਤੋੜ ਤੇਜ਼, ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਅੱਜ ਭਰੀਆਂ ਜਾਣਗੀਆਂ ਨਾਮਜ਼ਦਗੀਆਂ <br/>

ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਨਗਰ ਨਿਗਮ ਮੇਅਰ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਪਾਰਾ ਪੂਰੀ ਤਰਾਂ ਭਖਿਆ ਹੋਇਆ ਹੈ | ਵੀਰਵਾਰ ਨੂੰ ਨਾਮਜ਼ਦਗੀ ਪ੍ਰਕਿਰਿਆ ਹੋਣੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਵਲੋਂ ਬੁੱਧਵਾਰ ਤੱਕ ਆਪਣੇ ਮੇਅਰ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ | ਪਾਰਟੀਆਂ ਅੰਦਰੂਨੀ ਅਸਹਿਮਤੀਆਂ ਅਤੇ ਕੌਂਸਲਰਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਪੂਰੀ ਸਾਵਧਾਨੀ ਨਾਲ ਰਣਨੀਤੀ ਅਪਣਾ ਰਹੀਆਂ ਹਨ | ਨਾਮਜ਼ਦਗੀ ਤੋਂ ਪਹਿਲਾਂ ਕੌਂਸਲਰਾਂ ਨੂੰ ਇਕਜੁੱਟ ਰੱਖਣ ਲਈ ਕਵਾਇਦਾਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਪੰਜਾਬ ਭੇਜਣ ਦਾ ਫੈਸਲਾ ਕੀਤਾ ਹੈ | ਭਰੋਸੇਯੋਗ ਸੂਤਰਾਂ ਮੁਤਾਬਕ ਕੌਂਸਲਰਾਂ ਨੂੰ ਪੰਜਾਬ ਰਵਾਨਾ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਹ ਫੈਸਲਾ ਚੰਡੀਗੜ੍ਹ ਦੇ ਸੈਕਟਰ 27 ਸਥਿਤ ਪੰਜਾਬ ਸੀਵਰੇਜ ਜਲ ਬੋਰਡ ਦੀ ਇਮਾਰਤ ਵਿਚ ਸਹਿ-ਪ੍ਰਭਾਰੀ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ | ਜਾਣਕਾਰੀ ਮੁਤਾਬਕ 'ਆਪ' ਦੇ ਕੌਂਸਲਰਾਂ ਪਹਿਲਾਂ ਦੀ ਤਰਾਂ ਰੋਪੜ ਸਥਿਤ ਕਿੱਕਰਤਾਲ 'ਚ ਠਹਿਰਣਗੇ | ਜਿਸ ਕੌਂਸਲਰ ਨੂੰ ਮੇਅਰ ਉਮੀਦਵਾਰ ਬਣਾਇਆ ਜਾਵੇਗਾ, ਕੇਵਲ ਉਸ ਨੂੰ ਹੀ ਵੀਰਵਾਰ ਨੂੰ ਨਾਮਜ਼ਦਗੀ ਭਰਨ ਲਈ ਚੰਡੀਗੜ੍ਹ ਲਿਆਂਦਾ ਜਾਵੇਗਾ, ਜਦਕਿ ਬਾਕੀ ਕੌਂਸਲਰਾਂ ਨੂੰ ਕਿੱਕਰਤਾਲ ਵਿਚ ਹੀ ਠਹਿਰਾਇਆ ਜਾਵੇਗਾ | ਪਾਰਟੀ ਅੰਦਰ ਇਹ ਕਦਮ ਕਿਸੇ ਵੀ ਤਰਾਂ ਦੀ ਜੋੜ ਤੋੜ ਤੋਂ ਬਚਣ ਲਈ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ | ਦੂਜੇ ਪਾਸੇ, ਕਾਂਗਰਸ ਵੀ ਮੇਅਰ ਚੋਣਾਂ ਨੂੰ ਲੈ ਕੇ ਗੰਭੀਰ ਮੰਥਨ ਕਰ ਰਹੀ ਹੈ | ਪਹਿਲਾਂ ਪਾਰਟੀ ਦਫ਼ਤਰ 'ਚ ਮੀਟਿੰਗ ਹੋਈ, ਉਸ ਤੋਂ ਬਾਅਦ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਘਰ ਸੂਬਾ ਪ੍ਰਧਾਨ ਐੱਚ.ਐੱਸ. ਲੱਕੀ ਦੀ ਅਗਵਾਈ ਹੇਠ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿਚ ਕਾਂਗਰਸੀ ਕੌਂਸਲਰਾਂ ਦੀ ਅਹਿਮ ਬੈਠਕ ਚੱਲੀ | ਇਸ ਵਿਚ 'ਆਪ' ਨੂੰ ਸਮਰਥਨ ਦੇਣ ਜਾਂ ਆਪਣਾ ਉਮੀਦਵਾਰ ਖੜਾ ਕਰਨ ਸਬੰਧੀ ਵਿਕਲਪਾਂ 'ਤੇ ਵਿਚਾਰ ਕੀਤਾ ਗਿਆ | ਇਸ ਮੀਟਿੰਗ ਦੌਰਾਨ ਮੇਅਰ ਅਹੁਦੇ ਲਈ ਚਰਚਾ ਕੀਤੀ ਗਈ, ਪਰ ਸਹਿਮਤੀ ਨਾ ਬਣਦੀ ਦੇਖ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ | ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨਾ ਹੈ ਜਾਂ ਨਹੀਂ ਇਸ ਬਾਰੇ ਵੀ ਕਾਂਗਰਸ ਪਾਰਟੀ ਦੁਚਿੱਤੀ 'ਚ ਹੈ | ਉੱਧਰ ਭਾਜਪਾ ਨੇ ਵੀ ਮੇਅਰ ਚੋਣਾਂ ਲਈ ਆਪਣੀ ਤਿਆਰੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ | ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਦੇ ਦੇਰ ਰਾਤ ਚੰਡੀਗੜ੍ਹ ਪਹੁੰਚਣ 'ਤੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਸੂਬਾ ਜਨਰਲ ਸਕੱਤਰ ਸੰਜੀਵ ਰਾਣਾ ਅਤੇ ਰਾਮਬੀਰ ਭੱਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਜਾਣਕਾਰੀ ਅਨੁਸਾਰ ਭਾਜਪਾ ਹਾਈਕਮਾਂਡ ਨੇ ਮੇਅਰ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਅੰਤਿਮ ਮੋਹਰ ਲਗਾ ਕੇ ਸੂਚੀ ਵਿਨੋਦ ਤਾਵੜੇ ਨੂੰ ਸੌਂਪ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਹੋਣ ਵਾਲੀ ਭਾਜਪਾ ਦੇ ਕੌਂਸਲਰ ਦਲ ਦੀ ਮੀਟਿੰਗ 'ਚ ਵਿਨੋਦ ਤਾਵੜੇ ਪਾਰਟੀ ਹਾਈਕਮਾਂਡ ਦਾ ਫੈਸਲਾ ਸੁਣਾਉਣਗੇ, ਜਿਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਤਿੰਨੋਂ ਉਮੀਦਵਾਰ ਪਾਰਟੀ ਆਗੂਆਂ ਅਤੇ ਕੌਂਸਲਰਾਂ ਦੇ ਨਾਲ ਨਗਰ ਨਿਗਮ ਦਫ਼ਤਰ ਪਹੁੰਚ ਕੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ | ਵਿਨੋਦ ਤਾਵੜੇ ਇਸ ਤੋਂ ਪਹਿਲਾਂ ਵੀ ਦੋ ਵਾਰ ਚੰਡੀਗੜ੍ਹ ਵਿਚ ਮੇਅਰ ਚੋਣਾਂ ਦੀ ਨਿਗਰਾਨੀ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਮੌਜੂਦਗੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਥਾਇਰਾਇਡ ਸਿਹਤ ਬਿਹਤਰ ਮੈਟਾਬੋਲਿਜ਼ਮ ਵੱਲ ਪਹਿਲਾ ਕਦਮ - ਡਾ. ਕੇ. ਪੀ. ਸਿੰਘ <br/> ਅਗਲੀ ਖ਼ਬਰ ਭਾਜਪਾ ਵਲੋਂ ਆਤਿਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।