ਯੂ.ਸੀ.ਪੀ.ਐਮ.ਏ ਦੇ ਸਾਬਕਾ ਪ੍ਰਧਾਨ ਅਤੇ ਵਿਸਵਕਰਮਾ ਇੰਡਸਟਰੀ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸਵਕਰਮਾ ਨੇ ਮਿਕਸ ਲੈਂਡ ਯੂਜ਼ ਖੇਤਰ ਨੂੰ ਸਥਾਈ ਸਨਅਤੀ ਖੇਤਰ ਘੋਸਿਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸਾਡੇ ਬੁਜ਼ਰਗਾਂ ਵਲੋਂ ਪੈਰਾਂ ਸਿਰ ਕੀਤੇ ਉਦਯੋਗਾਂ ਨੂੰ ਉਜਾੜਨ ਦੀ ਥਾਂ ਇਸ ਦਾ ਯੋਗ ਹੱਲ ਕੱਢਿਆ ਜਾਵੇ, ਤਾਂ ਕਿ ਕਾਰੋਬਾਰਾਂ ਤੇ ਲੰਬੇ ਸਮੇਂ ਤੋਂ ਲਟਕ ਰਹੀ ਉਜਾੜੇ ਦੀ ਤਲਵਾਰ ਨੂੰ ਵਿਰਾਮ ਲੱਗ ਸਕੇ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਇਸ ਮਾਮਲੇ ਨੂੰ ਵਿਧਾਨ ਸਭਾ ਵਿਚ ਚੁਕਣ ਤੇ ਵਿਸਵਕਰਮਾ ਨੇ ਵਿਧਾਇਕ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਰੋਬਾਰੀਆਂ ਦੇ ਦਰਦ ਨੂੰ ਸਮਝਦਿਆਂ ਹਾਅ ਦਾ ਜੋ ਨਾਅਰਾ ਮਾਰਿਆ ਹੈ, ਉਹ ਸ਼ਲਾਘਾਯੋਗ ਹੈ।