26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਧਦੀ ਮਹਿੰਗਾਈ ਨੇ ਤੋੜਿਆ ਗ਼ਰੀਬਾਂ ਦਾ ਲੱਕ

ਅਜੀਤ ਡੈਸਕ 22-07-2026

ਇਆਲੀ/ਥਰੀਕੇ, 21 ਜੁਲਾਈ (ਮਨਜੀਤ ਸਿੰਘ ਦੁੱਗਰੀ)-ਮਹਿੰਗਾਈ ਦੀ ਲਗਾਤਾਰ ਮਾਰ ਨੇ ਜਿੱਥੇ ਗ਼ਰੀਬ ਅਤੇ ਦਿਹਾੜੀਦਾਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉਥੇ ਹੀ ਉਨ੍ਹਾਂ ਦੀ ਰਸੋਈ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ। ਪਹਿਲਾਂ ਦਾਲਾਂ ਨੇ ਮੂੰਹ ਫੇਰਿਆ, ਫਿਰ ਸਬਜ਼ੀਆਂ ਨੇ ਹੱਥ ਛੁਡਾਇਆ ਅਤੇ ਹੁਣ ਸਰ੍ਹੋਂ ਦੇ ਤੇਲ ਤੇ ਚੀਨੀ ਨੇ ਵੀ ਆਮ ਆਦਮੀ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੱਗਦਾ ਹੈ ਜਿਵੇਂ ਰਸੋਈ ਦੀ ਹਰ ਚੀਜ਼ ਨੇ ਇਹ ਫ਼ੈਸਲਾ ਕਰ ਲਿਆ ਹੋਵੇ ਕਿ ਗ਼ਰੀਬ ਦੀ ਥਾਲ਼ੀ ਵਿਚ ਰਹਿਣਾ ਹੁਣ ਉਸ ਦੀ ਸ਼ਾਨ ਦੇ ਖ਼ਿਲਾਫ਼ ਹੈ। ਪਹਿਲਾਂ ਹੀ ਘੱਟ ਆਮਦਨ ਅਤੇ ਰੁਜ਼ਗਾਰ ਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਪਰਿਵਾਰਾਂ ਲਈ ਵੱਧ ਰਹੀ ਮਹਿੰਗਾਈ ਕਾਰਨ ਹੁਣ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਹੈ। ਖ਼ਾਸ ਕਰਕੇ ਪਿਛਲੇ ਦਿਨੀਂ ਸਰ੍ਹੋਂ ਦੇ ਤੇਲ ਵਿਚ 20 ਰੁਪਏ ਪ੍ਰਤੀ ਲੀਟਰ ਅਤੇ ਚੀਨੀ 5 ਤੋਂ 8 ਰੁਪਏ ਪ੍ਰਤੀ ਕਿੱਲੋ ਦੇ ਹੋਏ ਵਾਧੇ ਨੇ ਆਮ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਸਰ੍ਹੋਂ ਦਾ ਤੇਲ ਮਹਿੰਗਾ ਹੋਇਆ ਤਾਂ ਰਸੋਈ ਦਾ ਤੜਕਾ ਫਿੱਕਾ ਪੈ ਗਿਆ ਅਤੇ ਚੀਨੀ ਦੇ ਭਾਅ ਚੜ੍ਹੇ ਤਾਂ ਚਾਹ ਦੀ ਮਿਠਾਸ ਵੀ ਕੌੜੀ ਲੱਗਣ ਲੱਗੀ। ਰਸੋਈ ਦੀਆਂ ਇਹ ਦੋਵੇਂ ਲਾਜ਼ਮੀ ਵਸਤਾਂ ਲਗਭਗ ਹਰ ਘਰ ਦੀ ਰੋਜ਼ਾਨਾ ਦੀ ਲੋੜ ਹਨ। ਇਨ੍ਹਾਂ ਦੇ ਮਹਿੰਗੇ ਹੋਣ ਨਾਲ ਵੱਧ ਅਸਰ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ‘ਤੇ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਆਮਦਨ ਨਹੀਂ ਵਧ ਰਹੀ, ਉੱਥੇ ਹਰ ਹਫ਼ਤੇ ਖਾਣ-ਪੀਣ ਵਾਲੀ ਕਿਸੇ ਨਾ ਕਿਸੇ ਜ਼ਰੂਰੀ ਵਸਤ ਦੀ ਕੀਮਤ ਵਧ ਜਾਣ ਕਾਰਨ ਘਰ ਦਾ ਬਜਟ ਦਿਨ-ਬ-ਦਿਨ ਵਿਗੜਦਾ ਜਾ ਰਿਹਾ ਹੈ ਕਿਉਂਕਿ ਸਬਜ਼ੀਆਂ ਦੀਆਂ ਕੀਮਤਾਂ ਤਾਂ ਪਹਿਲਾਂ ਹੀ ਅਸਮਾਨੀ ਚੜ੍ਹੀਆਂ ਹੋਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ‘ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਮਹਿੰਗਾਈ ਦਾ ਸਭ ਤੋਂ ਵੱਡਾ ਬੋਝ ਸਮਾਜ ਦੇ ਕਮਜ਼ੋਰ ਵਰਗ ਨੂੰ ਹੀ ਝੱਲਣਾ ਪਵੇਗਾ। ਲੋਕ ਸਰਕਾਰ ਤੋਂ ਉਮੀਦ ਕਰ ਰਹੇ ਹਨ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਜੋ ਆਮ ਪਰਿਵਾਰਾਂ ਨੂੰ ਕੁੱਝ ਰਾਹਤ ਮਿਲ ਸਕੇ, ਪਰ ਸਰਕਾਰਾਂ ਮਹਿੰਗਾਈ ਨੂੰ ਕਦੇ ਮੌਸਮ, ਕਦੇ ਅੰਤਰਰਾਸ਼ਟਰੀ ਹਾਲਾਤ ਅਤੇ ਕਦੇ ਮੰਗ-ਸਪਲਾਈ ਦਾ ਨਤੀਜਾ ਦੱਸ ਕੇ ਪੱਲਾ ਝਾੜ ਲੈਂਦੀਆਂ ਹਨ।

ਪਿਛਲੀ ਖ਼ਬਰ ਵਿਦਿਆਰਥੀ ’ਤੇ ਤਸ਼ੱਦਦ ਕਰਨ ਵਾਲੇ ਅਧਿਆਪਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਬਿਜਲੀ ਦਫ਼ਤਰ ਆਲਮਗੀਰ ਦੇ ਕਾਮਿਆਂ ਨੇ ਮੰਗਾਂ ਦੇ ਹੱਕ ’ਚ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।