14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗਲਾਡਾ ਵਲੋਂ ਬਰਸਾਤੀ ਪਾਣੀ ਨਾਲ ਨਜਿੱਠਣ ਲਈ ਨਹੀਂ ਕੀਤੀ ਕੋਈ ਪਹਿਲਕਦਮੀ

ਅਜੀਤ ਡੈਸਕ 12-07-2026
ਇਆਲੀ/ਥਰੀਕੇ, 11 ਜੁਲਾਈ (ਮਨਜੀਤ ਸਿੰਘ ਦੁੱਗਰੀ)-ਮੌਨਸੂਨ ਦੀ ਹਰ ਚੁਣੌਤੀ ਨਾਲ ਨਜਿੱਠਣ ਲਈ ਨਗਰ ਨਿਗਮ ਲੁਧਿਆਣਾ ਨੇ ਆਪਣੀ ਹੱਦ ਅੰਦਰ ਪੈਂਦੇ ਇਲਾਕਿਆਂ ਵਿਚ ਤਿਆਰੀਆਂ ਨੂੰ ਅੰਤਿਮ ਰੂਪ ਦਿੰਦੇ ਹੋਏ 1700 ਸੀ.ਸੀ. ਟੀਵੀ ਕੈਮਰਿਆਂ ਦੀ ਮਦਦ ਨਾਲ 24 ਘੰਟੇ ਕੰਮ ਕਰਨ ਵਾਲੀ ਮੌਨਸੂਨ ਹੈਲਪ ਲਾਈਨ ਦੀ ਸ਼ੁਰੂਆਤ ਕਰ ਦਿੱਤੀ ਹੈ, ਪਰ ਸ਼ਹਿਰ ਤੋਂ ਬਾਹਰੀ ਇਲਾਕਿਆਂ ਅਤੇ ਕਾਲੋਨੀਆਂ, ਜੋ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਅਧੀਨ ਆਉਂਦੀਆਂ ਹਨ ਵਿਖੇ ਮਾਨਸੂਨ ਦੇ ਮੌਸਮ ਵਿਚ ਪੈਣ ਵਾਲੀ ਬਰਸਾਤ ਦੇ ਪਾਣੀ ਨਾਲ ਨਜਿੱਠਣ ਲਈ ਕੀਤੀ ਕੋਈ ਪਹਿਲ ਕਦਮੀ ਸਾਹਮਣੇ ਨਹੀਂ ਆਈ, ਜਿਸ ਦੀ ਪੋਲ ਮੌਨਸੂਨ ਦੀ ਹੋਈ ਦੂਜੀ ਬਰਸਾਤ ਤੋਂ ਬਾਅਦ ਥਾਂ-ਥਾਂ ’ਤੇ ਭਰੇ ਬਰਸਾਤੀ ਪਾਣੀ ਅਤੇ ਸੜਕਾਂ ਕਿਨਾਰੇ ਪਾਣੀ ਦੀ ਨਿਕਾਸੀ ਲਈ ਟੁੱਟੇ ਨਾਲਿਆਂ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਆਪਣੀਆਂ ਨਾਕਾਮੀਆਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੀ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਅਧੀਨ ਆਉਂਦੇ ਏਰੀਆ ਅੰਦਰ ਵੱਸਦੀ ਵਸੋਂ ਥਾਂ ਥਾਂ ਤੇ ਭਰੇ ਬਰਸਾਤੀ ਪਾਣੀ ਤੋਂ ਬਿਮਾਰੀਆਂ ਫੈਲਣ ਦੇ ਡਰੋ ਚਿੰਤਾ ਵਿਚ ਹੈ, ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਮਾਨਸੂਨ ਦੀ ਹੋਈ ਦੂਜੀ ਬਰਸਾਤ ਤੋਂ ਬਾਅਦ ਗ੍ਰੇਟਰ ਡਿਵੈਲਪਮੈਂਟ ਏਰੀਆ ਲੁਧਿਆਣਾ ਅਥਾਰਟੀ (ਗਲਾਡਾ) ਦੇ ਦਫ਼ਤਰ ਤੋਂ ਕੁੱਝ ਦੂਰੀ ਤੇ ਪੈਂਦੇ ਇਆਲੀ ਚੌਕ ਵਿਚ ਸਰਵਿਸ ਲਾਇਨ ਸੜਕ ‘ਤੇ ਪਾਣੀ ਨਾਲ ਛੱਪੜ ਦਾ ਰੂਪ ਧਾਰਨ ਕਰ ਗਈ ਸੜਕ ਤੋਂ ਮਿਲਦੀ ਹੈ, ਜਿਸ ਨੂੰ ਲੈ ਕੇ ਇੱਥੋਂ ਦੇ ਦੁਕਾਨਦਾਰ ਅਤੇ ਲੰਘਣ ਵਾਲੇ ਰਾਹਗੀਰ ਡਾਹਡੇ ਪਰੇਸ਼ਾਨ ਹਨ। ਇਸ ਦਾ ਮੁੱਖ ਕਾਰਨ ਸੜਕ ਦੇ ਕਿਨਾਰੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਕੂੜੇ ਨਾਲ ਭਰੇ ਹੋਣਾ ਹੈ। ਅਜਿਹਾ ਹੀ ਦ੍ਰਿਸ਼ 200 ਫੁੱਟੀ ਮਿਸਿੰਗ ਸੜਕ ’ਤੇ ਫੁੱਲਾਂਵਾਲ ਚੌਕ ਤੋਂ ਜੈਨ ਮੰਦਿਰ ਚੌਕ ਨੂੰ ਜਾਂਦੀ ਸੜਕ ਦੇ ਕਿਨਾਰੇ ਬਣੇ ਬਰਸਾਤੀ ਨਾਲੇ ਦੇ ਟੁੱਟੇ ਹੋਣ ਅਤੇ ਪਾਣੀ ਦੇ ਨਾਲ-ਨਾਲ ਕੂੜਾ-ਕਰਕਟ ਭਰੇ ਹੋਣ ਤੋਂ ਮਿਲਦੀ ਹੈ, ਜੋ ਕਿ ਗਲਾਡਾ ਦੀ ਕਾਰਜਕਾਰੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਹੁਣ ਦੇਖਣਾ ਇਹ ਹੈ ਕਿ ਲੋਕਾਂ ਤੋਂ ਲੱਖਾਂ ਰੁਪਏ ਡਿਵੈਲਪਮੈਂਟ ਦੇ ਨਾਮ ‘ਤੇ ਵਸੂਲਣ ਵਾਲੀ ਗਲਾਡਾ ਆਪਣੇ ਅਧੀਨ ਆਉਂਦੇ ਏਰੀਆ ਵਿਚ ਵੱਸਦੇ ਪਿੰਡਾਂ, ਕਾਲੋਨੀਆਂ ਦੇ ਵਾਸੀਆਂ ਨੂੰ ਕੋਈ ਸਹੂਲਤ ਦੇਣ ਲਈ ਪਹਿਲ ਕਦਮੀ ਕਰਦੀ ਹੈ ਜਾਂ ਪੰਜਾਬੀ ਦੇ ਅਖਾਣ ‘ਬੂਹੇ ਢੁੱਕੀ ਜੰਨ, ਭਿਨੋ ਕੁੜੀ ਦੇ ਕੰਨ’ ‘ਤੇ ਅਮਲ ਕਰਦੀ ਹੋਈ ਇਨ੍ਹਾਂ ਇਲਾਕਿਆਂ ਦੇ ਬਰਸਾਤੀ ਪਾਣੀ ਦੀ ਮਾਰ ਹੇਠ ਆਉਣ ਤੋਂ ਬਾਅਦ ਹੀ ਜਾਗੇਗੀ।
ਪਿਛਲੀ ਖ਼ਬਰ ਸਿਟੀ ਸੈਂਟਰ ਨੇੜੇ ਜੀ-ਐਚ. ਬਲਾਕ ਨੂੰ ਜੋੜਦੀ ਸੜਕ ਮੁੜ ਧਸੀ ਅਗਲੀ ਖ਼ਬਰ ਵਪਾਰ ਦੇ ਮਾਮਲੇ ’ਚ 52 ਲੱਖ, 91 ਹਜ਼ਾਰ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਮਹਾਰਾਸ਼ਟਰ ਦੇ ਵਪਾਰੀਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।