13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਮ ਆਦਮੀ ਪਾਰਟੀ ਦੇ ਆਗੂ ਨੂੰ ਬਲੈਕਮੇਲ ਕਰਨ ਵਾਲਾ ਪੱਤਰਕਾਰ ਗ੍ਰਿਫ਼ਤਾਰ

ਅਜੀਤ ਡੈਸਕ 12-07-2026
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਬਲੈਕਮੇਲ ਕਰਨ ਵਾਲੇ ਪੱਤਰਕਾਰ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਥਾਣਾ ਜਮਾਲਪੁਰ ਦੇ ਐਸ. ਐਚ. ਓ. ਪ੍ਰਮੋਦ ਰਾਜ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਅਨੂਪ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਭਾਮੀਆਂ ਖ਼ੁਰਦ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਗਰੇਵਾਲ ਪੁੱਤਰ ਬਲਵੰਤ ਸਿੰਘ ਗਰੇਵਾਲ ਵਾਸੀ ਆਂਸਲ ਬਚਿੱਤਰ ਇਨਕਲੇਵ ਭਾਮੀਆਂ ਕਲਾਂ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ 8 ਜੁਲਾਈ ਨੂੰ ਉਸ ਦੇ ਬੇਟੇ ਗੁਰਜੋਬਨ ਸਿੰਘ ਦਾ ਜਨਮ ਦਿਨ ਸੀ ਅਤੇ ਇਸ ਸੰਬੰਧੀ ਉਨ੍ਹਾਂ ਨੇ ਆਪਣੇ ਬੇਟੇ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਆਪਣਾ ਇਕ ਵੀਡੀਓ ਸ਼ੂਟ ਕਰਵਾਇਆ ਸੀ। ਇਸ ਵੀਡੀਓ ਵਿਚ ਉਸ ਨੇ ਆਪਣਾ ਲਾਇਸੈਂਸੀ ਅਸਲ੍ਹਾ ਪਾਇਆ ਹੋਇਆ ਸੀ ਅਤੇ ਮੇਰੇ ਬੇਟੇ ਗੁਰਜੋਬਨ ਸਿੰਘ ਨੇ ਏਅਰਗਨ ਪਾ ਕੇ ਵੀਡੀਓ ਬਣਾਈ ਸੀ। ਉਸ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਆਪਣੀ ਫੇਸ ਬੁੱਕ ‘ਤੇ ਅੱਪਲੋਡ ਕਰ ਦਿੱਤੀ। ਇਸ ਤੋਂ ਬਾਅਦ ਕਥਿਤ ਦੋਸ਼ੀ ਜੋ ਕਿ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ, ਨੇ ਉਸ ਦੀ ਪਤਨੀ ਹਰਪ੍ਰੀਤ ਕੌਰ ਗਰੇਵਾਲ, ਜੋ ਕਿ ਆਮ ਆਦਮੀ ਪਾਰਟੀ ਦੀ ਆਗੂ ਹੈ, ਨਾਲ ਸੰਪਰਕ ਕੀਤਾ ਅਤੇ ਫੇਸ ਬੁੱਕ ‘ਤੇ ਅਜਿਹੀ ਵੀਡੀਓ ਪਾਉਣ ਨੂੰ ਗ਼ਲਤ ਦੱਸ ਕੇ ਬਲੈਕਮੇਲ ਕਰਨ ਲੱਗ ਪਿਆ। ਉਸ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਉਨ੍ਹਾਂ ਪਾਸੋਂ 30 ਹਜ਼ਾਰ ਦੀ ਮੰਗ ਕੀਤੀ ਗਈ, ਪਰ ਸੌਦਾ 15000 ਵਿਚ ਤੈਅ ਹੋ ਗਿਆ। ਇਹ ਦੌਰਾਨ ਜਦੋਂ ਪੈਸੇ ਲੈਣ ਲਈ ਉਕਤ ਕਥਿਤ ਦੋਸ਼ੀ ਉਨ੍ਹਾਂ ਦੇ ਘਰ ਆਇਆ ਤਾਂ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਫ਼ੌਰੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਅਨੂਪ ਕੁਮਾਰ ਨੂੰ ਕਾਬੂ ਕਰ ਲਿਆ। ਐਸ. ਐਚ. ਓ. ਨੇ ਦੱਸਿਆ ਕਿ ਪੁਲਿਸ ਵਲੋਂ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਭਲਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਖੰਨਾ ਨੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਦੀ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਭਾਜਪਾ ਤੇ ‘ਆਪ’ ਦੇ ਵਰਕਰਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਵਫ਼ਦ ਪੁਲਿਸ ਅਧਿਕਾਰੀਆਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।