13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੀਂਹ ਦੇ ਪਾਣੀ ਨੇ ਖੋਲ੍ਹੀ ਨਿਗਮ ਦੀਆਂ ਤਿਆਰੀਆਂ ਦੀ ਪੋਲ

ਅਜੀਤ ਡੈਸਕ 12-07-2026
ਲੁਧਿਆਣਾ, 11 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਮੌਨਸੂਨ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ 24 ਘੰਟੇ ਮੌਨਸੂਨ ਹੈਲਪ ਲਾਈਨ, ਵਟਸਐਪ ਚੈਟਵੋਟ ਤੇ ਮੌਨਸੂਨ ਵਾਰ ਰੂਮ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਪਾਣੀ ਭਰਨ, ਸੀਵਰੇਜ ਜਾਮ, ਡਿੱਗੇ ਦਰਖਤਾਂ ਤੇ ਹੋਰ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਦੱਸਿਆ ਗਿਆ ਹੈ। ਨਿਗਮ ਨੇ ਸ਼ਹਿਰ ਵਿਚ ਲੱਗੇ ਕਰੀਬ 1700 ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕਰਨ ਦਾ ਦਾਅਵਾ ਵੀ ਕੀਤਾ ਹੈ। ਇਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਦੇਰ ਰਾਤ ਹੋਈ ਬਰਸਾਤ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰਨ ਦੀ ਸਥਿਤੀ ਦੇਖਣ ਨੂੰ ਮਿਲੀ। ਹੰਬੜਾਂ ਰੋਡ, ਡਿਵੀਜ਼ਨ ਨੰਬਰ 3 ਤੇ 5, ਫੋਕਲ ਪੁਆਇੰਟ ਦੇ ਆਸ-ਪਾਸ ਦੇ ਇਲਾਕਿਆਂ ਅਤੇ ਹੋਰ ਨੀਵੇਂ ਇਲਾਕਿਆਂ ਵਿਚ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਾਹਨ ਵੀ ਪਾਣੀ ’ਚ ਫਸੇ ਨਜ਼ਰ ਆਏ। ਸ਼ਹਿਰ ਦੇ ਵਾਰਡ ਨੰਬਰ 70 ਦੇ ਕਬੀਰ ਨਗਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਨਾਰਾਜ਼ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਵੀ ਪ੍ਰਗਟ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੌਰਾਨ ਇਹ ਸਮੱਸਿਆ ਬਣਦੀ ਹੈ, ਪਰ ਇਸ ਦੇ ਸਥਾਈ ਹੱਲ ਲਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾ ਰਹੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੌਨਸੂਨ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ, ਪਰ ਪਾਣੀ ਭਰਨ ਦੀ ਸਮੱਸਿਆ ਪਹਿਲਾਂ ਹੀ ਸਾਹਮਣੇ ਆ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਹੁਣ ਇਹ ਹਾਲਾਤ ਹਨ ਤਾਂ ਲਗਾਤਾਰ ਹੋਣ ਵਾਲੀ ਬਰਸਾਤ ਦੌਰਾਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਭਾਵੇਂ ਨਗਰ ਨਿਗਮ ਵਲੋਂ ਰੋਡ ਜਾਲੀਆਂ, ਨਾਲਿਆਂ ਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਕਈ ਇਲਾਕਾ ਨਿਵਾਸੀਆਂ ਦਾ ਦਾਅਵਾ ਹੈ ਕਿ ਜ਼ਮੀਨੀ ਪੱਧਰ ’ਤੇ ਸਫ਼ਾਈ ਦਾ ਕੰਮ ਉਮੀਦ ਮੁਤਾਬਿਕ ਨਹੀਂ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਰੋਡ ਜਾਲੀਆਂ ਵਿਚ ਗਾਰ ਅਤੇ ਕੂੜਾ ਜਮ੍ਹਾ ਹੋਣ ਕਾਰਨ ਬਰਸਾਤ ਦਾ ਪਾਣੀ ਤੇਜ਼ੀ ਨਾਲ ਨਹੀਂ ਨਿਕਲ ਸਕਦਾ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਤੱਕ ਸ਼ਹਿਰ ਦੀ ਸੀਵਰੇਜ ਅਤੇ ਡਰੇਨੇਜ ਪ੍ਰਣਾਲੀ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹਰ ਬਰਸਾਤ ਮਗਰੋਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦਿਆਂ ਰਹਿਣਗੀਆਂ। ਬੁੱਢੇ ਦਰਿਆ ਨਾਲ ਲੱਗਦੀਆਂ ਸੜਕਾਂ ’ਤੇ ਵੀ ਬਰਸਾਤ ਤੋਂ ਬਾਅਦ ਪਾਣੀ ਖੜ੍ਹਾ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ।
ਪਿਛਲੀ ਖ਼ਬਰ ਨਵੇਂ ਛੱਪੜ ਦੀ ਖ਼ੁਦਾਈ ਨੂੰ ਲੈ ਕੇ ਰੰਜਿਸ਼ ਦੇ ਚਲਦਿਆਂ ਮੇਰੇ ’ਤੇ ਜਾਨਲੇਵਾ ਹਮਲਾ ਕੀਤਾ-ਪੰਚ ਮੈਂਬਰ ਦਿਲਰਾਜ ਸਿੰਘ ਅਗਲੀ ਖ਼ਬਰ ਘੱਟ ਗਿਣਤੀ ਲੋਕ ਭਲਾਈ ਸੰਸਥਾ (ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਸੰਗਤ ਦਰਸ਼ਨ 19 ਨੂੰ-ਜੋਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।