11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਪਾਈਪਲਾਈਨ ਵਿਛਾਉਣ ਤੋਂ ਬਾਅਦ ਨਗਰ ਨਿਗਮ ਵਲੋਂ 10 ਕਿੱਲੋਮੀਟਰ ਮੁੱਖ ਸੜਕਾਂ ਦੀ ਬਹਾਲੀ ਮੁਕੰਮਲ

ਅਜੀਤ ਡੈਸਕ 29-06-2026
ਲੁਧਿਆਣਾ, 28 ਜੂਨ (ਭੁਪਿੰਦਰ ਸਿੰਘ ਬੈਂਸ)-ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਲੁਧਿਆਣਾ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਨਗਰ ਨਿਗਮ ਵਲੋਂ ਸ਼ਹਿਰ ਵਿਚ ਕਈ ਜਗ੍ਹਾ ਟਰਾਂਸਮਿਸ਼ਨ ਪਾਈਪਲਾਈਨ ਵਿਛਾਉਣ ਦਾ ਕੰਮ ਪੂਰਾ ਹੋਣ ਉਪਰੰਤ ਲਗਭਗ 10 ਕਿੱਲੋਮੀਟਰ ਮੁੱਖ ਸੜਕਾਂ ਦੀ ਬਹਾਲੀ ਮੁਕੰਮਲ ਕਰ ਲਈ ਗਈ ਹੈ, ਜਿਨ੍ਹਾਂ ਸੜਕਾਂ ਦੀ ਬਹਾਲੀ ਕੀਤੀ ਗਈ ਹੈ, ਉਨ੍ਹਾਂ ਵਿਚ ਪੱਖੋਵਾਲ ਰੋਡ, ਬਾੜੇਵਾਲ ਰੋਡ, ਸੁਭਾਸ਼ ਨਗਰ ਰੋਡ, ਤਾਜਪੁਰ ਰੋਡ, ਗਿੱਲ ਰੋਡ ਅਤੇ ਰੋਜ਼ ਗਾਰਡਨ ਰੋਡ ਸ਼ਾਮਿਲ ਹਨ। ਇਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਹਜ਼ਾਰਾਂ ਰੋਜ਼ਾਨਾ ਆਉਣ-ਜਾਣ ਵਾਲੇ ਨਾਗਰਿਕਾਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਕਾਰਜ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਰਵਿੰਦਰ ਗਰਗ ਅਤੇ ਸੁਪਰਿੰਟੈਂਡਿੰਗ ਇੰਜੀਨੀਅਰ ਪਾਰੁਲ ਗੋਇਲ ਦੀ ਨਿਰੰਤਰ ਨਿਗਰਾਨੀ ਵਿਚ ਕੀਤਾ ਗਿਆ। ਕਮਿਸ਼ਨਰ ਵਲੋਂ ਪ੍ਰੋਜੈਕਟ ਨਾਲ ਜੁੜੇ ਸਾਰੇ ਇੰਜੀਨੀਅਰਾਂ ਅਤੇ ਠੇਕੇਦਾਰ ਏਜੰਸੀ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਪਾਈਪਲਾਈਨ ਵਿਛਾਉਣ ਤੋਂ ਬਾਅਦ ਸੜਕਾਂ ਦੀ ਬਹਾਲੀ ਸਮੇਂ ਸਿਰ ਕੀਤੀ ਜਾਵੇ ਅਤੇ ਉਸ ਦੌਰਾਨ ਨਿਰਮਾਣ ਗੁਣਵੱਤਾ, ਤਕਨੀਕੀ ਮਾਪਦੰਡਾਂ ਅਤੇ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਪ੍ਰੋਜੈਕਟ ਦੌਰਾਨ ਵਾਤਾਵਰਨ, ਸਮਾਜਿਕ, ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੀ ਵੀ ਸਖ਼ਤੀ ਨਾਲ ਪਾਲਨਾ ਕੀਤੀ ਜਾ ਰਹੀ ਹੈ। ਇਸ ਤਹਿਤ ਪ੍ਰਭਾਵਸ਼ਾਲੀ ਟ੍ਰੈਫਿਕ ਡਾਇਵਰਜਨ, ਮਜ਼ਬੂਤ ਬੈਰੀਕੇਡਿੰਗ, ਰਿਫਲੈਕਟਿਵ ਚੇਤਾਵਨੀ ਬੋਰਡ, ਧੂੜ ਨੂੰ ਕੰਟਰੋਲ ਕਰਨ ਲਈ ਨਿਯਮਤ ਪਾਣੀ ਦਾ ਛਿੜਕਾਅ ਅਤੇ ਹੋਰ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਂਦੇ ਹਨ। ਪ੍ਰੋਜੈਕਟ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਲੁਧਿਆਣਾ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੇਸ਼ ਵਿਚ ਟਿਕਾਊ ਸ਼ਹਿਰੀ ਬੁਨਿਆਦੀ ਢਾਂਚੇ ਦਾ ਇਕ ਮਿਸਾਲੀ ਪ੍ਰੋਜੈਕਟ ਬਣ ਕੇ ਉਭਰਿਆ ਹੈ। ਇਸ ਪ੍ਰੋਜੈਕਟ ਨੂੰ ਮਿਊਂਸੀਪਲ ਗਵਰਨੈਂਸ - ਵਾਟਰ ਸਪਲਾਈ ਇਨਫਰਾਸਟਰੱਕਚਰ ਸ਼੍ਰੇਣੀ ਅਧੀਨ ਸਕੌਚ ਸਿਲਵਰ ਐਵਾਰਡ, ਗਲੋਬਲ ਸਸਟੇਨੇਬਿਲਿਟੀ ਐਂਡ ਇਨੋਵੇਸ਼ਨ ਐਵਾਰਡ ਵਿਚ ਬੈਸਟ ਸਮਾਰਟ ਸਿਟੀ ਵਾਟਰ ਇਨੀਸ਼ੀਏਟਿਵ ਅਤੇ 17ਵੇਂ ਸੀ.ਆਈ.ਡੀ.ਸੀ. ਵਿਸ਼ਵਕਰਮਾ ਐਵਾਰਡਜ਼ ਵਿਚ ਵੀ ਸਨਮਾਨ ਪ੍ਰਾਪਤ ਹੋਇਆ ਹੈ। ਨਾਗਰਿਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਨਿਰਮਾਣ ਕਾਰਜਾਂ ਦੌਰਾਨ ਕੁੱਝ ਸਮੇਂ ਲਈ ਪਰੇਸ਼ਾਨੀ ਆਵੇਗੀ, ਪਰ ਇਹ ਪ੍ਰੋਜੈਕਟ ਲੰਬੇ ਸਮੇਂ ਲਈ ਲਗਭਗ 30 ਲੱਖ ਨਾਗਰਿਕਾਂ ਨੂੰ ਸਾਫ਼ ਅਤੇ ਸ਼ੁੱਧ ਨਹਿਰੀ ਪਾਣੀ ਮੁਹੱਈਆ ਕਰਵਾਏਗਾ। ਇਸ ਨਾਲ ਧਰਤੀ ਦੇ ਪਾਣੀ ’ਤੇ ਨਿਰਭਰਤਾ ਘਟੇਗੀ, ਜਨ ਸਿਹਤ ਵਿਚ ਸੁਧਾਰ ਹੋਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸੁਰੱਖਿਆ ਯਕੀਨੀ ਬਣੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦੀਆਂ ਸਾਰੀਆਂ ਸੜਕਾਂ ਦੀ ਬਹਾਲੀ ਦੇ ਕੰਮ ਵੀ ਪੜਾਅ ਵਾਰ ਅਤੇ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ।
ਪਿਛਲੀ ਖ਼ਬਰ ਐਨ.ਸੀ.ਸੀ. ਗਰੁੱਪ ਕਮਾਂਡਰ ਵਲੋਂ (ਸੀ.ਏ.ਟੀ.ਸੀ.-62)-ਕਮ-ਡਰੋਨ ਸਿਖਲਾਈ ਕੈਂਪ ਦਾ ਦੌਰਾ ਅਗਲੀ ਖ਼ਬਰ ਵੱਖ- ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।