13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਵਿੱਤ ਤੇ ਠੇਕਾ ਕਮੇਟੀ ਦੀਆਂ ਨਿਯੁਕਤੀਆਂ ਦਾ ਮਾਮਲਾ ਗਰਮਾਇਆ

ਅਜੀਤ ਡੈਸਕ 25-06-2026


ਲੁਧਿਆਣਾ, 24 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਸਭ ਤੋਂ ਅਹਿਮ ਮੰਨੀ ਜਾਂਦੀ ਵਿੱਤ ਤੇ ਠੇਕਾ ਕਮੇਟੀ ਵਿਚ ਦੋ ਨਵੇਂ ਮੈਂਬਰਾਂ ਦੀ ਨਿਯੁਕਤੀ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਵਾਰਡ ਨੰਬਰ 94 ਤੋ ਕੌਂਸਲਰ ਅਮਨ ਕੁਮਾਰ ਤੇ ਵਾਰਡ ਨੰਬਰ 50 ਤੋ ਕੌਂਸਲਰ ਯੁਵਰਾਜ ਸਿੰਘ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਨਾਲ ਕਮੇਟੀ ਦੇ ਕੁਲ ਮੈਂਬਰਾਂ ਦੀ ਗਿਣਤੀ 6 ਹੋ ਗਈ ਹੈ। ਵਿਰੋਧੀ ਧਿਰ ਨੇ ਇਨ੍ਹਾਂ ਨਿਯੁਕਤੀਆਂ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਕਾਂਗਰਸ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਇਹ ਨਿਯੁਕਤੀਆਂ ਨਿਯਮਾਂ ਅਨੁਸਾਰ ਨਹੀਂ ਲਗਦੀਆਂ ਅਤੇ ਉਹ ਇਸ ਮਾਮਲੇ ਨੂੰ ਅਦਾਲਤ ਵਿਚ ਚੁਣੌਤੀ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਹਾਊਸ ਵਿਚ ਵੋਟਿੰਗ ਤੋਂ ਬਾਅਦ ਹੀ ਮੈਂਬਰਾਂ ਦੀ ਚੋਣ ਹੋਣੀ ਚਾਹੀਦੀ ਸੀ। ਮਲਹੋਤਰਾ ਨੇ ਦੋਸ਼ ਲਾਇਆ ਕਿ ਜੇ ਜਮਹੂਰੀ ਪ੍ਰਕਿਰਿਆ ਨੂੰ ਅਣਡਿੱਠਾ ਕਰਕੇ ਫ਼ੈਸਲੇ ਕੀਤੇ ਜਾਣਗੇ ਤਾਂ ਇਸ ਨਾਲ ਨਿਗਮ ਦੀ ਕਾਰਗੁਜ਼ਾਰੀ ਤੇ ਨਕਾਰਾਤਮਿਕ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਕਾਨੂੰਨੀ ਜਾਂਚ ਲਾਜ਼ਮੀ ਹੈ। ਉਧਰ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਧਿਰ ਦੇ ਉਪ ਆਗੂ ਰੋਹਿਤ ਸਿੱਕਾ ਨੇ ਵੀ ਸੱਤਾਧਾਰੀ ਧਿਰ ਨੂੰ ਲੈਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਵਿਚ ਲਗਾਤਾਰ ਮਨਮਾਨੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਸਭ ਕੁੱਝ ਦੇਖ ਰਹੀ ਹੈ ਅਤੇ ਸਮਾਂ ਆਉਣ ‘ਤੇ ਇਸਦਾ ਜਵਾਬ ਦੇਵੇਗੀ। ਦੂਜੇ ਪਾਸੇ ਨਿਗਮ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ ਦੋਵੇਂ ਨਿਯੁਕਤੀਆਂ ਨਗਰ ਨਿਗਮ ਹਾਊਸ ਵਿਚ ਪਾਸ ਮਤੇ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ ਅਤੇ ਪ੍ਰਕਿਰਿਆ ਨਿਯਮਾਂ ਅਨੁਸਾਰ ਅਪਣਾਈ ਗਈ ਹੈ। ਵਿੱਤ ਤੇ ਠੇਕਾ ਕਮੇਟੀ ਨਗਰ ਨਿਗਮ ਦੀ ਅਹਿਮ ਕਮੇਟੀ ਹੈ, ਜੋ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ, ਟੈਂਡਰਾਂ ਅਤੇ ਵਿੱਤੀ ਮਨਜ਼ੂਰੀਆਂ ਨਾਲ ਸਬੰਧਿਤ ਫ਼ੈਸਲੇ ਲੈਂਦੀ ਹੈ। ਅਜਿਹੇ ਵਿਚ ਨਿਯੁਕਤੀਆਂ ‘ਤੇ ਉਠਿਆ ਵਿਵਾਦ ਸ਼ਹਿਰ ਦੀ ਸਿਆਸਤ ਵਿਚ ਨਵੀਂ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਸਬ-ਰਜਿਸਟਰਾਰ ਦਫਤਰ ਦੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਪ੍ਰਾਪਰਟੀ ਡੀਲਰ ਦੇ ਘਰ ਬਾਹਰ ਹਥਿਆਰਬੰਦ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।