ਫੁੱਲਾਂਵਾਲ, 23 ਜੂਨ (ਮਨਜੀਤ ਸਿੰਘ ਦੁੱਗਰੀ)-ਸੰਘਰਸ਼ਾਂ ਵਿਚੋਂ ਨਿਕਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਸ ਨੇ ਆਪਣੀਆਂ ਕੁਰਬਾਨੀਆਂ ਭਰੇ ਇਤਿਹਾਸ ਸਦਕਾ ਦੁਨੀਆ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ, ਸਮੇਂ ਦੇ ਨਾਲ ਇਸ ਦੀ ਕਮਾਨ ਕੁੱਝ ਮੌਕਾਪ੍ਰਸਤ ਲੋਕਾਂ ਦੇ ਹੱਥਾਂ ਵਿਚ ਆ ਜਾਣ ਨਾਲ ਇਸ ਵਿਚ ਉਦੋਂ ਵੱਡਾ ਨਿਘਾਰ ਆਇਆ, ਜਦੋਂ ਆਪਣਿਆਂ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ, 2024 ਨੂੰ ਜਾਰੀ ਕੀਤੇ ਹੁਕਮਨਾਮੇ ਤੋਂ ਬਾਅਦ ਦੁਨੀਆ ਨੂੰ ਇਸ ਦੀ ਤਾਕਤ ਦਾ ਅਹਿਸਾਸ ਹੋਇਆ ਤੇ ਲੋਕਾਂ ਵਿਚ ਇਹ ਉਤਸ਼ਾਹ ਪੈਦਾ ਹੋਇਆ ਕਿ ਉਨ੍ਹਾਂ ਦੇ ਪੁਰਖਿਆਂ ਦੇ ਖ਼ੂਨ ਨਾਲ ਸਿੰਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੜ ਬੁਲੰਦੀਆਂ ’ ਤੇ ਹੋਵੇਗੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ 7 ਮੈਂਬਰੀ ਕਮੇਟੀ ਦੇ ਉਹ ਨੁਮਾਇੰਦੇ, ਜਿਨ੍ਹਾਂ ਨੇ ਇਸ ਹੁਕਮਨਾਮੇ ਦੀ ਪਾਲਣਾ ਕਰਵਾਉਣੀ ਸੀ, ਦੇ ਮੋਢੀ ਮੈਂਬਰ ਹਰਜਿੰਦਰ ਸਿੰਘ ਧਾਮੀ ਅਤੇ ਕ੍ਰਿਪਾਲ ਸਿੰਘ ਬਡੂੰਗਰ ਆਪਣੇ ਆਕਾ ਦੇ ਕਹਿਣ ’ਤੇ ਇਸ ਦੀ ਹੁਕਮ-ਅਦੂਲੀ ਕਰ ਗਏ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਸੰਤ ਐਵਨਿਊ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਇਕ ਮੀਟਿੰਗ ਦੌਰਾਨ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਤਸਵੀਰਾਂ ਨੂੰ ਪੰਥਕ ਮੁੱਦਾ ਬਣਾ ਕੇ ਵਿਚਾਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੇ ਸਿਧਾਂਤ ਦਾ ਘਾਣ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਜਾਰੀ ਕੀਤੇ ਹੁਕਮਨਾਮੇ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਕ ਪਤਿਤ ਨੂੰ ਅਜਿਹਾ ਹੁਕਮਨਾਮਾ ਜਾਰੀ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਦੀ ਕੁਤਾਹੀ ਕੀਤੀ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਪਹਿਲਾਂ ਹਰਜਿੰਦਰ ਸਿੰਘ ਧਾਮੀ, ਕ੍ਰਿਪਾਲ ਸਿੰਘ ਬਡੂੰਗਰ ਅਤੇ ਸੁਖਬੀਰ ਸਿੰਘ ਬਾਦਲ ਜੋ 2 ਦਸੰਬਰ, 2024 ਦੇ ਹੁਕਮਨਾਮੇ ਤੋਂ ਭਗੌੜੇ ਹਨ, ਨੂੰ ਮੁੜ ਤਲਬ ਕਰਨ। ਇਸ ਮੀਟਿੰਗ ਨੂੰ ਸੁਰਜੀਤ ਸਿੰਘ ਬੋਪਾਰਾਏ, ਮਹਿੰਦਰ ਪਾਲ ਸਿੰਘ ਬਨਾਕਾ, ਭਰਪੂਰ ਸਿੰਘ ਧਾਂਦਰਾ, ਬੀਬੀ ਹਰਜੀਤ ਕੌਰ ਤਲਵੰਡੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਿੰਦਰ ਸਿੰਘ, ਗੁਰਦੀਪ ਸਿੰਘ, ਕਰਨਲ ਦਲਵਿੰਦਰ ਸਿੰਘ, ਗੁਰਸਾਹਿਬ ਸਿੰਘ, ਹਰਜੋਤ ਸਿੰਘ, ਹਰਿੰਦਰਪਾਲ ਸਿੰਘ ਪ੍ਰਿੰਸ, ਜਗਤਾਰ ਸਿੰਘ ਸਹਾਰਨ ਮਾਜਰਾ, ਰਾਜਵਿੰਦਰ ਸਿੰਘ ਹਿੱਸੋਵਾਲ, ਹਾਕਮ ਸਿੰਘ ਨੰਬਰਦਾਰ, ਤਾਰਾ ਸਿੰਘ, ਗੁਰਆਦੇਸ਼ ਸਿੰਘ, ਹਰੀਪਾਲ ਸਿੰਘ ਧਨੋਆ, ਭੁਪਿੰਦਰ ਸਿੰਘ ਮੱਕੜ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬਸਰਾ, ਅਮਰਜੀਤ ਸਿੰਘ, ਕਮਲ ਨਸਰਾਲੀ, ਲਵਪ੍ਰੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਹਰਸਿਮਰਨ ਸਿੰਘ, ਤਰਲੋਚਨ ਸਿੰਘ ਚਾਹਲ, ਪ੍ਰਿਤਪਾਲ ਸਿੰਘ ਗਰੇਵਾਲ, ਮੀਡੀਆ ਇੰਚਾਰਚ ਇੰਦਰਜੀਤ ਸਿੰਘ ਆਦਿ ਵੀ ਇਸ ਮੌਕੇ ‘ਤੇ ਹਾਜ਼ਰ ਸਨ।
ਤਸਵੀਰਾਂ ਨੂੰ ਪੰਥਕ ਮੁੱਦਾ ਬਣਾ ਕੇ ਵਿਚਾਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਸਿਧਾਂਤ ਦਾ ਘਾਣ-ਬੀਬੀ ਜਗੀਰ ਕੌਰ
ਅਜੀਤ ਡੈਸਕ
24-06-2026