ਢੰਡਾਰੀ ਕਲਾਂ/ਲੁਧਿਆਣਾ, 23 ਜੂਨ (ਜਸਵੀਰ ਸਿੰਘ ਬੰਗਾ)-ਜ਼ਿਲ੍ਹੇ ’ਚ ਸਥਿਤ ਸੇਵਾ ਕੇਂਦਰਾਂ ਤੇ ਆਧਾਰ ਸੇਵਾ ਕੇਂਦਰਾਂ ਦੇ ਹਾਲਾਤ ਬੇਹੱਦ ਹੀ ਨਾਜ਼ੁਕ ਬਣੇ ਹੋਏ ਹਨ। ਇੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪੂਰਾ ਪੂਰਾ ਦਿਨ ਅੱਤ ਦੀ ਗਰਮੀ ’ਚ ਧੁੱਪੇ ਖੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਰਹਿੰਦੇ ਹਨ। ਸਵੇਰ ਤੋਂ ਇਨ੍ਹਾਂ ਸੇਵਾ ਕੇਂਦਰਾਂ ਤੇ ਆਧਾਰ ਸੇਵਾ ਕੇਂਦਰਾਂ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਪਰ ਇਨ੍ਹਾਂ ਕੇਂਦਰਾਂ ’ਚ ਸਰਵਰ ਡਾਊਨ ਹੋ ਜਾਣ ਕਾਰਨ ਲੋਕਾਂ ਨੂੰ ਦਿਨ ਭਰ ਲਾਈਨਾਂ ਵਿਚ ਖੜ੍ਹਨ ਤੋਂ ਬਾਅਦ ਬਿਨਾਂ ਕੰਮ ਕਰਵਾਏ ਹੀ ਘਰਾਂ ਨੂੰ ਵਾਪਸ ਪਰਤਣਾ ਪੈਂਦਾ ਹੈ। ਸਰਕਾਰੀ ਸੇਵਾਵਾਂ ਲੈਣ ਲਈ ਸਵੇਰੇ ਤੋਂ ਹੀ ਲੋਕ ਟੋਕਨ ਲੈਣ ਲਈ ਲਾਈਨਾਂ ਵਿਚ ਖੜ੍ਹੇ ਹੋ ਜਾਂਦੇ ਹਨ, ਪਰ ਕਈ ਵਾਰ ਪੂਰਾ ਦਿਨ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ। ‘ਅਜੀਤ’ ਦੀ ਟੀਮ ਨੇ ਜਦੋਂ ਗਿੱਲ ਰੋਡ ਸਥਿਤ ਆਧਾਰ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕੜਕਦੀ ਧੁੱਪ ਅਤੇ ਅੱਤ ਦੀ ਗਰਮੀ ’ਚ ਲੋਕ ਕੰਮ ਕਰਵਾਉਣ ਲਈ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਲਾਈਨਾਂ ਵਿਚ ਖੜ੍ਹੇ ਹੋਏ ਸਨ। ਗੱਲਬਾਤ ਕਰਦਿਆਂ ਕੰਮ ਕਰਵਾਉਣ ਆਏ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਤੋਂ ਲਾਈਨ ਵਿਚ ਖੜ੍ਹਾ ਹੋਇਆ ਹੈ, ਪਰ ਹਾਲੇ ਤੱਕ ਉਸ ਦਾ ਨੰਬਰ ਨਹੀਂ ਆਇਆ। ਉਸ ਨੇ ਦੱਸਿਆ ਕਿ ਸਰਕਾਰ ਵਲੋਂ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਸਚਾਈ ਤੋਂ ਕੋਹਾਂ ਦੂਰ ਹਨ। ਇਸੇ ਤਰ੍ਹਾਂ ਟੀਮ ਨੇ ਜਦੋਂ ਤਾਜਪੁਰ ਰੋਡ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਅਤੇ ਜਿਹੜਾ ਵਾਟਰ ਕੂਲਰ ਲੱਗਾ ਹੋਇਆ ਸੀ ਉਹ ਵੀ ਬੰਦ ਹੀ ਪਿਆ ਸੀ। ਟੀਮ ਨੇ ਦੇਖਿਆ ਕਿ ਸੇਵਾ ਕੇਂਦਰ ਵਿਚ ਜੋ ਜਨਰੇਟਰ ਰੱਖਿਆ ਹੋਇਆ ਹੈ, ਉਸ ’ਚੋਂ ਬੈਟਰੀ ਗ਼ਾਇਬ ਸੀ, ਜਿਸ ਕਾਰਨ ਲਾਈਟ ਜਾਣ ’ਤੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੇਵਾ ਕੇਂਦਰ ਵਿਚ ਜੋ ਲੋਕਾਂ ਲਈ ਬਾਥਰੂਮ ਬਣਾਇਆ ਗਿਆ ਹੈ, ਉਸ ਦਾ ਦਰਵਾਜ਼ਾ ਵੀ ਟੁੱਟਾ ਹੋਇਆ ਹੈ ਅਤੇ ਅੰਦਰ ਪਾਣੀ ਦੀਆਂ ਟੂਟੀਆਂ ਵੀ ਗ਼ਾਇਬ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਸਥਿਤ ਸੇਵਾ ਕੇਂਦਰ ਅਤੇ ਆਧਾਰ ਸੇਵਾ ਕੇਂਦਰਾਂ ’ਚ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਸ਼ਹਿਰ ਦੇ ਸੇਵਾ ਕੇਂਦਰਾਂ ਤੇ ਆਧਾਰ ਸੇਵਾ ਕੇਂਦਰਾਂ ’ਚ ਲੋਕਾਂ ਨੂੰ ਸੇਵਾਵਾਂ ਲੈਣ ਲਈ ਅੱਤ ਦੀ ਗਰਮੀ ’ਚ ਧੁੱਪੇ ਖੜ੍ਹਨ ਲਈ ਹੋਣਾ ਪੈ ਰਿਹਾ ਮਜਬੂਰ
ਅਜੀਤ ਡੈਸਕ
24-06-2026