15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਕਾਲੀ ਹਲਕਾ ਇੰਚਾਰਜ ਵਲੋਂ ਨਾਬਾਲਗਾ ਦੇ ਸ਼ੋਸ਼ਣ ਖ਼ਿਲਾਫ਼ ਪਿੰਡ ਬੀਰਮੀ ਨੇ ਅਕਾਲੀ ਦਲ ਬਾਦਲ ਦਾ ਕੀਤਾ ਮੁਕੰਮਲ ਬਾਈਕਾਟ <br/>

ਅਜੀਤ ਡੈਸਕ 23-05-2026
ਇਆਲੀ/ਥਰੀਕੇ/ਹੰਬੜਾਂ, 22 ਮਈ (ਮਨਜੀਤ ਸਿੰਘ ਦੁੱਗਰੀ/ਮੇਜਰ ਹੰਬੜਾਂ)-ਮੋਹਾਲੀ ਦੇ ਮਟੌਰ ਥਾਣਾ ਵਿਚ ਦਰਜ ਪੋਕਸੋ ਮਾਮਲੇ ਦੇ ਮੁਲਜ਼ਮ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪਿੰਡ ਬੀਰਮੀ ਵਿਖੇ ਭਾਰੀ ਰੋਸ ਦੇਖਣ ਨੂੰ ਮਿਲਿਆ | ਮਾਸੂਮ ਬੱਚੀ ਦੇ ਇਨਸਾਫ਼ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮੁੱਚੇ ਪਿੰਡ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਕੰਮਲ ਸਮਾਜਿਕ ਅਤੇ ਰਾਜਨੀਤਿਕ ਬਾਈਕਾਟ ਦਾ ਵੱਡਾ ਐਲਾਨ ਕਰ ਦਿੱਤਾ | ਪਿੰਡ ਬੀਰਮੀ ਦੇ ਮੌਜੂਦਾ ਸਰਪੰਚ ਪਲਵਿੰਦਰ ਸਿੰਘ ਬੀਰਮੀ ਨੇ ਭਰੇ ਮਨ ਨਾਲ ਪੀੜਤ ਬੱਚੀ ਦੇ ਨਾਨਾ ਚੰਦ ਸਿੰਘ ਵਲੋਂ ਦੱਸੀਆਂ ਹਕੀਕਤਾਂ ਦਾ ਹਵਾਲਾ ਦਿੰਦੇ ਹੋਏ ਸਨਸਨੀਖ਼ੇਜ਼ ਖ਼ੁਲਾਸੇ ਕੀਤੇ | ਚੰਦ ਸਿੰਘ ਮੁਤਾਬਿਕ ਇਸ ਸਭ ਦੀ ਜ਼ਿੰਮੇਵਾਰ ਖ਼ੁਦ ਬੱਚੀ ਦੀ ਮਾਂ (ਨਾਨੇ ਦੀ ਆਪਣੀ ਧੀ) ਹੈ, ਜਿਸ ਨੇ ਜਸਕਰਨ ਦਿਓਲ ਨਾਲ ਨਾਜਾਇਜ਼ ਸੰਬੰਧਾਂ ਕਾਰਨ ਅਤੇ ਉਸ ਦੇ ਬਹਿਕਾਵੇ ਵਿਚ ਆ ਕੇ ਆਪਣਾ ਹੱਸਦਾ-ਵੱਸਦਾ ਘਰ ਉਜਾੜ ਦਿੱਤਾ ਅਤੇ ਬੱਚਿਆਂ ਨੂੰ ਨਾਲ ਲੈ ਕੇ ਫ਼ਰਾਰ ਹੋ ਗਈ | ਨਾਨੇ ਦੇ ਹਵਾਲੇ ਨਾਲ ਸਰਪੰਚ ਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਅਨੈਤਿਕ ਰਿਸ਼ਤੇ ਕਾਰਨ ਹੁਣ ਉਨ੍ਹਾਂ ਦੇ ਘਰ ਤੀਜੀ ਬੱਚੀ ਨੇ ਵੀ ਜਨਮ ਲੈ ਲਿਆ ਹੈ, ਜਿਸ ਦੇ ਤੱਥ ਲੁਕਾਏ ਜਾ ਰਹੇ ਹਨ | ਸਰਪੰਚ ਨੇ ਨਾਨਾ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਵੱਡਾ ਖ਼ੁਲਾਸਾ ਵੀ ਕੀਤਾ ਕਿ ਉਨ੍ਹਾਂ ਨੇ (ਨਾਨਾ ਪਰਿਵਾਰ ਨੇ) 2 ਸਾਲ ਪਹਿਲਾਂ ਹੀ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਬੱਚੀਆਂ ਦੇ ਸ਼ੋਸ਼ਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ, ਜੋ ਅਖੀਰ ਸੱਚ ਸਾਬਤ ਹੋਇਆ | ਸਰਪੰਚ ਨੇ ਨਾਨਾ ਵਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਹ ਵੀ ਸਾਫ਼ ਕੀਤਾ ਕਿ ਧੀ ਨੇ ਸਹੁਰੇ ਪਰਿਵਾਰ ਵਲੋਂ ਦਿੱਤੀ ਜ਼ਮੀਨ ਵੇਚ ਦਿੱਤੀ ਸੀ ਅਤੇ ਬਾਅਦ ਵਿਚ ਪਰਮਿੰਦਰ ਸਿੰਘ (ਬੱਚੀ ਦੇ ਪਿਤਾ) ਦੀ ਬਾਕੀ ਰਹਿੰਦੀ ਜ਼ਮੀਨ ਹੜੱਪਣ ਲਈ ਸਿਆਸੀ ਪਹੁੰਚ ਦੀ ਵਰਤੋਂ ਕਰਕੇ ਉਸ 'ਤੇ ਝੂਠਾ ਪਰਚਾ ਕਰਵਾਇਆ, ਜਿਸ ਕਾਰਨ ਉਹ 6 ਮਹੀਨੇ ਫ਼ਰਾਰ ਰਿਹਾ | ਇਸ ਮੌਕੇ ਪਿੰਡ ਬੀਰਮੀ ਦੇ ਸਾਬਕਾ ਸਰਪੰਚ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਘੋਰ ਕਲਯੁਗ ਦੀ ਇੰਤਹਾ ਹੈ ਕਿ ਇਕ ਮਾਂ ਆਪਣਾ ਚਾਲ-ਚਲਣ ਲੁਕਾਉਣ ਲਈ ਆਪਣੀ ਹੀ ਮਾਸੂਮ ਧੀ 'ਤੇ ਬੇਹੱਦ ਘਟੀਆ ਦੋਸ਼ ਲਗਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਸਕਰਨ ਦਿਓਲ ਅਤੇ ਹਰਮਨਦੀਪ ਕੌਰ ਨੇ ਸਿਰਫ਼ ਇਕ ਪਰਿਵਾਰ ਨਹੀਂ, ਬਲਕਿ ਦੋ ਹੱਸਦੇ-ਵੱਸਦੇ ਘਰ ਬਰਬਾਦ ਕਰਕੇ ਰੱਖ ਦਿੱਤੇ | ਉਨ੍ਹਾਂ ਖ਼ੁਲਾਸਾ ਕੀਤਾ ਕਿ ਜਸਕਰਨ ਦਿਓਲ ਕਾਨੂੰਨੀ ਤੌਰ 'ਤੇ ਬਿਨਾਂ ਤਲਾਕ ਲਏ ਇਸ ਔਰਤ (ਹਰਮਨਦੀਪ) ਨੂੰ ਭਜਾ ਕੇ ਲੈ ਗਿਆ ਅਤੇ ਹੁਣ ਦੋਵੇਂ ਗ਼ੈਰ-ਕਾਨੂੰਨੀ ਤੌਰ 'ਤੇ ਇਕੱਠੇ ਰਹਿ ਰਹੇ ਹਨ | ਇਸ ਅਨੈਤਿਕ ਰਿਸ਼ਤੇ ਕਾਰਨ ਦੋਵਾਂ ਪਰਿਵਾਰਾਂ ਦੇ ਮਾਸੂਮ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਦਾਅ 'ਤੇ ਲੱਗ ਗਿਆ ਹੈ | ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਅਕਾਲੀ ਦਲ ਦੇ ਕੁੱਝ ਆਗੂ ਗੁਨਾਹਗਾਰ ਨੂੰ ਬਚਾਉਣ ਲਈ ਸਿਆਸੀ ਰੰਗਤ ਦੇ ਰਹੇ ਹਨ, ਪਰ ਇਹ ਸਾਡੇ ਪਿੰਡ ਦਾ ਮਾਮਲਾ ਹੈ, ਜਿਸ ਵਿਚ ਸਿਆਸਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਦੂਜੇ ਪਾਸੇ, ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਆਸਤ ਦਾ ਨਹੀਂ, ਬਲਕਿ ਬਾਦਲ ਦਲ ਦੇ ਇਕ ਘਟੀਆ ਆਗੂ ਦੀ ਘਟੀਆ ਬਿਮਾਰ ਮਾਨਸਿਕਤਾ ਅਤੇ ਮਾਸੂਮ ਦੀ ਅਸਮਤ ਨਾਲ ਜੁੜਿਆ ਹੈ ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮੁਲਜ਼ਮ ਦੀ ਤੁਰੰਤ ਗਿ੍ਫ਼ਤਾਰੀ ਲਈ ਪ੍ਰਸ਼ਾਸਨ 'ਤੇ ਦਬਾਅ ਬਣਾਉਣਗੇ ਅਤੇ ਆਖ਼ਰੀ ਦਮ ਤੱਕ ਪਰਿਵਾਰ ਨਾਲ ਖੜ੍ਹਨਗੇ | ਇਸ ਮੌਕੇ ਪਲਵਿੰਦਰ ਪਾਲੀ ਸਰਪੰਚ ਬੀਰਮੀ, ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ, ਦਰਸ਼ਨ ਸਿੰਘ ਬੀਰਮੀ ਸੀ. ਕਾਂਗਰਸੀ ਆਗੂ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਬਿੰਦਰ ਸਿੰਘ ਬੀਰਮੀ, ਇੰਦਰਜੀਤ ਬੀਰਮੀ, ਹਰਦੀਪ ਸਿੰਘ ਬੀਰਮੀ, ਘੋਨਾ ਬੀਰਮੀ, ਮਨੀ ਬੀਰਮੀ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਬਲਵੰਤ ਸਿੰਘ, ਮੱਖਣ ਸਿੰਘ, ਸਾਬਕਾ ਸਰਪੰਚ ਆਤਮਾ ਸਿੰਘ, ਸੰਤ ਸਿੰਘ, ਰਜਿੰਦਰ ਸਿੰਘ, ਜਗਦੇਵ ਸਿੰਘ ਸੈਕਟਰੀ ਅਤੇ ਸਾਰੇ ਨਗਰ ਦੀਆਂ ਵੱਡੀ ਤਾਦਾਦ ਵਿਚ ਬੀਬੀਆਂ ਸਮੇਤ ਪਿੰਡ ਸਲੇਮਪੁਰਾ (ਪਰਮਿੰਦਰ ਦਾ ਸਹੁਰਾ ਪਿੰਡ) ਤੋਂ ਵੀ ਪਤਵੰਤੇ ਸੱਜਣ ਮੌਜੂਦ ਸਨ |
ਪੰਚਾਇਤ ਦੀ ਦੋ ਟੁੱਕ ਚਿਤਾਵਨੀ
ਪੀੜਤਾ ਦੇ ਦਾਦਾ ਬਲਦੇਵ ਸਿੰਘ ਅਤੇ ਪਿਤਾ ਪਰਮਿੰਦਰ ਸਿੰਘ ਨੇ ਰੋਂਦਿਆਂ ਕਿਹਾ ਕਿ ਮੁਲਜ਼ਮ ਚਾਹੇ ਕਿੰਨਾ ਵੀ ਰਸੂਖਦਾਰ ਹੋਵੇ, ਉਹ ਇਨਸਾਫ਼ ਲਈ ਆਖ਼ਰੀ ਸਾਹ ਤੱਕ ਲੜਨਗੇ | ਪਿੰਡ ਦੀ ਪੰਚਾਇਤ ਨੇ ਅਕਾਲੀ ਦਲ ਨੂੰ ਦੋ ਟੁੱਕ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਪੀੜਤ ਪਰਿਵਾਰ ਜਾਂ ਬੱਚੀ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕੋਈ ਗ਼ਲਤ ਟਿੱਪਣੀ ਜਾਂ ਅਫ਼ਵਾਹ ਫੈਲਾਈ, ਤਾਂ ਕਾਨੂੰਨੀ ਤੇ ਸਮਾਜਿਕ ਨਤੀਜੇ ਭੁਗਤਣ ਲਈ ਅਕਾਲੀ ਦਲ ਖੁਦ ਜ਼ਿੰਮੇਵਾਰ ਹੋਵੇਗਾ |

ਪਿਛਲੀ ਖ਼ਬਰ ਯੂ.ਪੀ.ਐਸ.ਸੀ. ਪ੍ਰੀਲਿਮ ਪ੍ਰੀਖਿਆ ਭਲਕੇ, 14 ਕੇਂਦਰਾਂ 'ਤੇ 4,353 ਉਮੀਦਵਾਰ ਹੋਣਗੇ ਸ਼ਾਮਿਲ <br/> ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਸਵਰਨਕਾਰ ਨੂੰ ਜ਼ਖਮੀ ਕਰ ਕੇ ਲੱਖਾਂ ਦੇ ਗਹਿਣੇ, ਨਕਦੀ ਅਤੇ ਪਿਸਤੌਲ ਲੁੱਟ ਕੇ ਫ਼ਰਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।