15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਜੋਕੇ ਯੁੱਗ ਵਿਚ ਔਰਤਾਂ ਹਰ ਖੇਤਰ 'ਚ ਸਰਗਰਮ ਤੇ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ <br/>

ਅਜੀਤ ਡੈਸਕ 08-03-2026
ਇਆਲੀ/ਥਰੀਕੇ/ਫੁੱਲਾਂਵਾਲ, 7 ਮਾਰਚ (ਮਨਜੀਤ ਸਿੰਘ ਦੁੱਗਰੀ)-ਅਜੋਕੇ ਯੁੱਗ ਵਿਚ ਔਰਤਾਂ ਹਰ ਖੇਤਰ 'ਚ ਸਰਗਰਮ ਅਤੇ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਦੇਸ਼ ਸੇਵਾ ਤੋਂ ਲੈ ਕੇ ਸਿਆਸਤ, ਵਪਾਰ ਅਤੇ ਸਮਾਜ ਸੇਵਾ ਸਮੇਤ ਕੋਈ ਵੀ ਖੇਤਰ ਹੋਵੇ, ਔਰਤਾਂ ਕਿਸੇ ਵੀ ਖੇਤਰ 'ਚ ਅੱਜ ਪਿੱਛੇ ਨਹੀਂ, ਪੰ੍ਰਤੂ ਸਮਾਜ ਦੇ ਡਰ ਤੋਂ ਕਈ ਔਰਤਾਂ ਘਰਾਂ 'ਚੋਂ ਨਿਕਲਣ ਤੋਂ ਝਿਜਕਦੀਆਂ ਹਨ, ਜਿਸ ਕਾਰਨ ਉਹ ਆਪਣੇ ਹੱਕਾਂ ਅਤੇ ਅਧਿਕਾਰਾਂ ਤੋਂ ਵਾਂਝੇ ਰਹਿ ਜਾਂਦੀਆਂ ਹਨ | ਇਸ ਲਈ ਅੱਜ ਲੋੜ ਹੈ ਹਰ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਤਾਂ ਤਰੱਕੀ ਕਰੇਗਾ ਹੀ, ਸਗੋਂ ਸਮੂਚੇ ਸਮਾਜ ਨੂੰ ਵੱਡਾ ਲਾਭ ਮਿਲੇਗਾ | ਮਹਿਲਾ ਦਿਵਸ 'ਤੇ ਸਮਾਜ ਦੀਆਂ ਉਘੀਆਂ ਸਖ਼ਸ਼ੀਅਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੀਆਂ ਭਾਵਨਾਵਾਂ ਨੂੰ ਕੁੱਝ ਇਸ ਤਰ੍ਹਾਂ ਸਾਂਝਾ ਕੀਤਾ |
ਇੰਸਪੈਕਟਰ ਕੁਲਵੰਤ ਕੌਰ-ਔਰਤਾਂ ਪ੍ਰਤੀ ਨਜ਼ਰੀਏ 'ਚ ਤਬਦੀਲੀ ਦੀ ਲੋੜ
ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੀ ਫੁੱਲਾਂਵਾਲ ਵਾਸੀ ਇੰਸਪੈਕਟਰ ਕੁਲਵੰਤ ਕੌਰ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਅੰਦਰ ਮਾਨਸਿਕ ਤੇ ਬੌਧਿਕ ਰੁਤਬੇ ਪੱਖੋਂ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਬਿਹਤਰ ਕਾਰਗੁਜ਼ਾਰੀ ਕਿਸੇ ਵੀ ਪੱਖ ਤੋਂ ਘੱਟ ਨਹੀਂ | ਅੱਜ ਹਰ ਵਰਗ ਦੀਆਂ ਔਰਤਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਆਪਣੇ ਘਰਾਂ 'ਚ ਬਰਾਬਰ ਯੋਗਦਾਨ ਪਾ ਰਹੀਆਂ ਹਨ | ਔਰਤਾਂ ਨੂੰ ਆਪਣੀ ਆਰਥਿਕਤਾ ਨੂੰ ਬਿਹਤਰ ਬਣਾਉਣ ਲਈ ਜਿੱਥੇ ਘਰੋਂ ਬਾਹਰ ਜਾ ਕੇ ਕੰਮ ਕਰਨਾ ਪੈਂਦਾ ਹੈ, ਉੱਥੇ ਘਰੇਲੂ ਕੰਮਾਂ ਵਿਚ ਵੀ ਉਸ ਦੀ ਭਾਗੀਦਾਰ ਮਰਦ ਨਾਲੋਂ ਵੱਧ ਹੁੰਦੀ ਹੈ | ਇਸ ਤੋਂ ਇਲਾਵਾ ਅੱਜ ਦੇਸ਼ ਅੰਦਰ ਔਰਤਾਂ ਫੌਜ, ਪੁਲਿਸ, ਸਿੱਖਿਆ ਵਿਭਾਗ ਤੋਂ ਇਲਾਵਾ ਹਰ ਖੇਤਰ ਵਿਚ ਕੰਮ ਕਰ ਰਹੀਆਂ ਹਨ, ਪਰ ਫਿਰ ਵੀ ਔਰਤ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਰਾਬਰੀ ਅਤੇ ਬਿਹਤਰ ਸਮਾਜ ਲਈ ਪੁਰਸ਼ਾਂ ਨੂੰ ਔਰਤਾਂ ਪ੍ਰਤੀ ਨਜ਼ਰੀਏ 'ਚ ਤਬਦੀਲੀ ਦੀ ਲੋੜ ਹੈ |
ਡਾ. ਵੀਰਪਾਲ ਕੌਰ ਖੇਤੀਬਾੜੀ ਵਿਕਾਸ ਅਫ਼ਸਰ-ਔਰਤ ਸਾਡੇ ਸਮਾਜ ਦਾ ਅਹਿਮ ਧੁਰਾ
ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਵੀਰਪਾਲ ਕੌਰ ਨੇ ਕਿਹਾ ਔਰਤ ਸਾਡੇ ਸਮਾਜ ਦਾ ਅਹਿਮ ਧੁਰਾ ਹੈ | ਅੱਜ ਦੇ ਸਮੇਂ ਵਿਚ ਇਕ ਔਰਤ ਨੂੰ ਵੀ ਆਤਮ ਸਨਮਾਨ ਦੇ ਨਾਲ ਜਿਊਣ ਦਾ ਉਨਾ ਹੀ ਹੱਕ ਹੈ, ਜਿੰਨਾ ਇਕ ਮਰਦ ਨੂੰ | ਔਰਤ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਹੈ, ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮੈਂ ਸਾਰੇ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਔਰਤ ਨੂੰ ਸਮਾਜ ਵਿਚ ਸਤਿਕਾਰ ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇ ਤੇ ਘਰ ਵਿਚ ਜੰਮੀ ਹਰ ਕੁੜੀ ਨੂੰ ਸੁਚੱਜੀ ਸਿੱਖਿਆ ਦੇ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਆਤਮ ਨਿਰਭਰ ਬਣ ਸਕੇ ਅਤੇ ਭਵਿੱਖ ਦਾ ਸੁਨਹਿਰਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕੇ |
ਹਰ ਖੇਤਰ ਵਿਚ ਔਰਤਾਂ ਨੇ ਵਿਲੱਖਣ ਸਥਾਨ ਹਾਸਲ ਕੀਤਾ-ਡਾ. ਕਮਲਦੀਪ ਕੌਰ
ਕੌਮਾਂਤਰੀ ਔਰਤ ਦਿਵਸ ਮੌਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰੂਲਰ ਮੈਡੀਕਲ ਅਫ਼ਸਰ ਡਾਕਟਰ ਕਮਲਦੀਪ ਕੌਰ ਨੇ ਕਿਹਾ ਔਰਤ ਨੇ ਅੱਜ ਦੇ ਸਮੇਂ 'ਚ ਹਰੇਕ ਖੇਤਰ ਵਿਚ ਮੱਲ੍ਹਾਂ ਮਾਰਦਿਆਂ ਵਿਲੱਖਣ ਸਥਾਨ ਹਾਸਲ ਕੀਤਾ ਹੈ | ਔਰਤ ਸਮਾਜ 'ਚ ਹਰ ਰੂਪ 'ਚ ਆਪਣਾ ਵੱਖਰਾ ਕਿਰਦਾਰ ਨਿਭਾ ਕੇ ਸਮਾਜ ਨੂੰ ਚੰਗੀ ਸੇਧ ਅਤੇ ਸੁਚੱਜਾ ਗਿਆਨ ਦਿੰਦੀ ਹੈ | ਔਰਤਾਂ ਬਿਨਾਂ ਚੰਗੇ ਸਮਾਜ ਦੀ ਸਿਰਜਣਾ ਅਧੂਰੀ ਹੈ | ਔਰਤਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ, ਧੀਆਂ ਨੂੰ ਨੈਤਿਕ ਸਿੱਖਿਆ ਦੇਣ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਬਾਰੇ ਵੀ ਜਾਗਰੂਕ ਕਰਨ ਦੀ ਲੋੜ ਹੈ | ਇਕ ਔਰਤ ਬੱਚਿਆਂ ਦੀ ਮਾਂ ਅਤੇ ਇਕ ਚੰਗੀ ਪਤਨੀ ਬਣ ਕੇ ਪਰਿਵਾਰ ਦੇ ਭਵਿੱਖ ਨੂੰ ਉਜਵਲ ਬਣਾਉਂਦੀ ਹੈ, ਇਸ ਲਈ ਉਸ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ |

ਪਿਛਲੀ ਖ਼ਬਰ ਯੁਵਰਾਜ ਮਲਹੋਤਰਾ ਭੱਟੀਆਂ ਮਾਰਕੀਟ ਕਮੇਟੀ ਦੇ ਬਣੇ ਪ੍ਰਧਾਨ <br/> ਅਗਲੀ ਖ਼ਬਰ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 50% ਛੋਟ 'ਤੇ ਲੁਧਿਆਣਾ ਵਿਖੇ ਉਪਲਬਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।