ਲੁਧਿਆਣਾ, 21 ਜਨਵਰੀ (ਜਤਿੰਦਰ ਭੰਬੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਮੇਟੀ ਲੁਧਿਆਣਾ ਦਾ ਇਕ ਵਫ਼ਦ ਅੱਜ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਦੀ ਅਗਵਾਈ 'ਚ ਨਿਗਰਾਨ ਇੰਜੀਨੀਅਰ ਦਿਹਾਤੀ ਸਰਕਲ ਲੁਧਿਆਣਾ ਇੰਜ: ਜਸਵਿੰਦਰ ਸਿੰਘ ਨੂੰ ਮਿਲਿਆ | ਵਫ਼ਦ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਦੇ ਪਿੰਡਾਂ 'ਚ ਖਪਤਕਾਰਾਂ ਦੇ ਵਿਰੋਧ ਦੇ ਬਾਵਜੂਦ ਲਗਾਏ ਜਾ ਰਹੇ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ | ਵਫ਼ਦ ਨੇ ਜ਼ੋਰਦਾਰ ਮੰਗ ਕੀਤੀ ਕਿ ਜਗਰਾਉਂ, ਰਾਏਕੋਟ ਮੰਡਲਾਂ ਦੇ ਪਿੰਡਾਂ 'ਚ ਖਪਤਕਾਰਾਂ ਵਲੋਂ ਚਿੱਪ ਵਾਲੇ ਮੀਟਰ ਉਤਾਰ ਕੇ ਪਾਵਰ ਕਾਮ ਦਫ਼ਤਰਾਂ ਵਿਚ ਜਮਾਂ ਕਰਵਾਉਣ ਵਾਲੇ ਖਪਤਕਾਰਾਂ ਨੂੰ ਭੇਜੇ ਨੋਟਿਸ ਰੱਦ ਕੀਤੇ ਜਾਣ | ਵਫ਼ਦ ਨੇ ਦੱਸਿਆ ਕਿ ਪੇਸ਼ਗੀ ਅਦਾਇਗੀ ਦਾ ਬੋਝ ਖਪਤਕਾਰਾਂ ਦਾ ਵੱਡਾ ਹਿੱਸਾ ਝੱਲਣ ਤੋਂ ਅਸਮਰਥ ਹੈ | ਉਨ੍ਹਾਂ ਕਿਹਾ ਕਿ ਉਤਾਰ ਕੇ ਜਮਾਂ ਕਰਵਾਏ ਮੀਟਰਾਂ ਦੀ ਥਾਂ ਪੁਰਾਣੇ ਮੀਟਰ ਹੀ ਲਗਾਏ ਜਾਣ | ਵਫ਼ਦ ਨੇ ਸਰਕਲ ਅਧਿਕਾਰੀ ਨੂੰ ਧੱਕਾ ਕਰਨ ਦੀ ਹਾਲਤ 'ਚ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਜਲਦ ਹੀ ਇਸ ਮੁੱਦੇ ਨੂੰ ਲੈਕੇ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਸਲ ਚ ਪੂਰੇ ਪਾਵਰ ਕਾਮ ਦਾ ਨਿੱਜੀਕਰਨ ਕਰਕੇ ਇਹ ਵਿਭਾਗ ਕਾਰਪੋਰੇਟਰਾਂ ਦੇ ਹਵਾਲੇ ਕਰਨ ਲਈ ਲਿਆਂਦੇ ਜਾ ਰਹੇ ਬਿਜਲੀ ਐਕਟ ਦਾ ਜ਼ੋਰਦਾਰ ਵਿਰੋਧ ਕਰਨ ਲਈ 26 ਜਨਵਰੀ ਨੂੰ ਸੂਬੇ ਭਰ ਚ ਟਰੈਕਟਰ ਤੇ ਮੋਟਰਸਾਈਕਲ ਮਾਰਚ ਕੀਤੇ ਜਾ ਰਹੇ ਹਨ | ਇਸ ਸਮੇਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਸਰਪੰਚ ਰਣਵੀਰ ਸਿੰਘ ਰੁੜਕਾ, ਬਲਾਕ ਸਕੱਤਰ ਕੁਲਵੰਤ ਸਿੰਘ ਗ਼ਾਲਿਬ, ਸਹਾਇਕ ਸਕੱਤਰ ਜਸਵਿੰਦਰ ਸਿੰਘ ਭਮਾਲ, ਮਨਜਿੰਦਰ ਸਿੰਘ ਸਲੇਮਪੁਰਾ, ਪਿ੍ਤਪਾਲ ਸਿੰਘ ਰਣਧੀਰ ਗੜ, ਹਰਜਿੰਦਰ ਸਿੰਘ ਭਮਾਲ, ਕੇਵਲ ਸਿੰਘ ਕੀੜੀ ਆਦਿ ਹਾਜ਼ਰ ਸਨ |