ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਦੀ ਸੇਵਾ ਸਦਕਾ ਬਾਉਲੀ ਸਾਹਿਬ ਦਾ ਲੰਗਰ ਹਾਲ ਸੰਪੂਰਨਤਾ ਅੰਤਿਮ ਪੜਾਅ ਵੱਲ
ਗੋਇੰਦਵਾਲ ਸਾਹਿਬ, 25 ਸਤੰਬਰ (ਸਕੱਤਰ ਸਿੰਘ ਅਟਵਾਲ)-ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਉਹ ਪਾਵਨ ਅਸਥਾਨ ਹੈ, ਜਿਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ, ਸਿਮਰਨ, ਸਾਂਝੀਵਾਲਤਾ ਅਤੇ ਗੁਰੂ ਕੇ ਲੰਗਰ ਦੀ ਮਹਾਨ ਮਰਯਾਦਾ ਨੂੰ ਪ੍ਰਚਾਰਿਆ। ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਣ ਵਾਲੀਆਂ ਸੰਗਤਾਂ ਦੀ ਵਧਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਪ੍ਰਬੰਧਾਂ ਦੇ ਵਿਸਥਾਰ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਗਈ ਸੀ।
ਬ
ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ
26-09-2026
ਗੋਇੰਦਵਾਲ ਸਾਹਿਬ, 25 ਸਤੰਬਰ (ਸਕੱਤਰ ਸਿੰਘ ਅਟਵਾਲ)-ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਉਹ ਪਾਵਨ ਅਸਥਾਨ ਹੈ, ਜਿਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ, ਸਿਮਰਨ, ਸਾਂਝੀਵਾਲਤਾ ਅਤੇ ਗੁਰੂ ਕੇ ਲੰਗਰ ਦੀ ਮਹਾਨ ਮਰਯਾਦਾ ਨੂੰ ਪ੍ਰਚਾਰਿਆ। ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਣ ਵਾਲੀਆਂ ਸੰਗਤਾਂ ਦੀ ਵਧਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਪ੍ਰਬੰਧਾਂ ਦੇ ਵਿਸਥਾਰ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਗਈ ਸੀ। ਮਹਾਂਪੁਰਸ਼ਾਂ ਵਲੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਦਿਨ-ਰਾਤ ਇਕ ਕਰਕੇ ਇਸ ਮਹਾਨ ਕਾਰਜ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਸ਼ਰਧਾ, ਸੇਵਾ-ਭਾਵਨਾ, ਆਧੁਨਿਕ ਤਕਨੀਕ ਤੇ ਸੰਗਤ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਜਾ ਰਿਹਾ ਇਹ ਵਿਸ਼ਾਲ ਲੰਗਰ ਹਾਲ ਹੁਣ ਸੰਪੂਰਨਤਾ ਦੇ ਅੰਤਿਮ ਪੜਾਅ ਵਿਚ ਪਹੁੰਚ ਚੁੱਕਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ ਜੋਤਿ ਸਮਾਉਣ ਪੁਰਬ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਇਹ ਕਾਰਜ ਮਹਾਂਪੁਰਸ਼ਾਂ ਵਲੋਂ ਨਿਰੰਤਰ ਦਿਨ-ਰਾਤ ਕੀਤੀ ਸੇਵਾ ਸਦਕਾ ਥੋੜੇ ਸਮੇਂ ਵਿਚ ਹੀ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵਧਿਆ। ਸ਼ਤਾਬਦੀ ਸਮਾਗਮਾਂ ਦੌਰਾਨ ਇਸ ਇਮਾਰਤ ਨੂੰ ਆਰਜ਼ੀ ਤੌਰ ’ਤੇ ਸੰਗਤ ਦੀ ਸੇਵਾ ਲਈ ਵਰਤੋਂ ਵਿਚ ਵੀ ਲਿਆਂਦਾ ਗਿਆ ਸੀ। ਇਸ ਆਧੁਨਿਕ ਤੇ ਵਿਸ਼ਾਲ ਇਮਾਰਤ ਵਿਚ ਵਾਤਾਅਨੁਕੂਲਿਤ ਲੰਗਰ ਹਾਲ, ਆਧੁਨਿਕ ਤੇ ਸੁਵਿਧਾਜਨਕ ਰਸੋਈ, ਬਰਤਨ ਸਾਫ਼ ਕਰਨ ਲਈ ਵਾਸ਼ਿੰਗ ਏਰੀਆ, ਲੰਗਰ ਤਿਆਰ ਕਰਨ ਲਈ ਸਟੀਮ ਪਲਾਂਟ, ਗੈਸ ਨਾਲ ਚੱਲਣ ਵਾਲੇ ਆਧੁਨਿਕ ਉਪਕਰਨ, ਪਾਣੀ ਦੀ ਸਪਲਾਈ ਲਈ ਟੈਂਕੀਆਂ, ਰਸਦ ਦੀ ਆਵਾਜਾਈ ਲਈ ਦੋ ਲਿਫਟਾਂ, ਕੁਦਰਤੀ ਰੌਸ਼ਨੀ, ਸੁਰੱਖਿਆ ਪ੍ਰਬੰਧ, ਢੁੱਕਵਾਂ ਐਗਜ਼ਾਸਟ ਸਿਸਟਮ, ਸੁੰਦਰ ਐਲੀਵੇਸ਼ਨ ਅਤੇ ਛਬੀਲ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸੰਤ ਭੂਰੀ ਵਾਲਿਆਂ ਵਲੋਂ ਚਰਨ ਕੁੰਡ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸੰਗਤਾਂ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਮਜ਼ਬੂਤ ਤੇ ਸੁੰਦਰ ਸ਼ੈੱਡ, ਬਾਉਲੀ ਸਾਹਿਬ ਵਿਖੇ ਸੁਨਹਿਰੀ ਮੀਨਾਕਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਦੇ ਸਸਕਾਰ ਲਈ ਅੰਗੀਠਾ ਸਾਹਿਬ ਦੀ ਉਸਾਰੀ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ। ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਦੀ ਇਸ ਸੇਵਾ-ਭਾਵਨਾ ਵਿਚ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਦੇ ਨਾਲ-ਨਾਲ ਆਧੁਨਿਕ ਤਕਨੀਕ ਅਤੇ ਸੰਗਤ ਦੀ ਸਹੂਲਤ ਦਾ ਸੁਮੇਲ ਨਜ਼ਰ ਆਉਂਦਾ ਹੈ। ਇਹ ਲੰਗਰ ਹਾਲ ਇਤਿਹਾਸਕ ਗੁਰਧਾਮ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦੀ ਸੇਵਾ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਵਿਚ ਸਹਾਇਕ ਸਾਬਤ ਹੋਵੇਗਾ। ਇਸ ਮਹਾਨ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਹਰ ਗੁਰੂ ਨਾਨਕ ਨਾਮ ਲੇਵਾ ਲਈ ਮਾਣ ਵਾਲੀ ਗੱਲ ਹੈ। ਸੰਗਤਾਂ ਨੂੰ ਵੀ ਇਸ ਮਹਾਨ ਕਾਰਜ ਵਿਚ ਤਨ, ਮਨ ਤੇ ਧਨ ਨਾਲ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।