ਹਾਵਰਡ ਲੇਨ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਵਲੋਂ ਅੰਧ ਵਿਦਿਆਲੇ ਦਾ ਦੌਰਾ
ਝਬਾਲ, 25 ਸਤੰਬਰ (ਸੁਖਦੇਵ ਸਿੰਘ)-ਵਿਦਿਆਰਥੀਆਂ ਅੰਦਰ ਹਮਦਰਦੀ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਹਾਵਰਡ ਲੇਨ ਸੀਨੀਅਰ ਸੈਕੰਡਰੀ ਸਕੂਲ ਠੱਟਾ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਤਸਰ ਵਿਖੇ ਸਥਿਤ ਅੰਧ ਵਿਦਿਆਲੇ ਦਾ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਜੀਵਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਵਲੋਂ ਆਪਣੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਕੇ ਜੀਵਨ ਵਿਚ ਅੱਗੇ ਵਧਣ ਦੇ ਯਤਨਾਂ ਨੂੰ ਨੇੜਿਓਂ ਸਮਝਿਆ।
ਝਬਾਲ, 25 ਸਤੰਬਰ (ਸੁਖਦੇਵ ਸਿੰਘ)-ਵਿਦਿਆਰਥੀਆਂ ਅੰਦਰ ਹਮਦਰਦੀ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਹਾਵਰਡ ਲੇਨ ਸੀਨੀਅਰ ਸੈਕੰਡਰੀ ਸਕੂਲ ਠੱਟਾ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਤਸਰ ਵਿਖੇ ਸਥਿਤ ਅੰਧ ਵਿਦਿਆਲੇ ਦਾ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਜੀਵਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਵਲੋਂ ਆਪਣੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਕੇ ਜੀਵਨ ਵਿਚ ਅੱਗੇ ਵਧਣ ਦੇ ਯਤਨਾਂ ਨੂੰ ਨੇੜਿਓਂ ਸਮਝਿਆ। ਇਸ ਮੌਕੇ ਵਿਦਿਆਰਥੀਆਂ ਨੇ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪੜ੍ਹਾਈ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਦ੍ਰਿੜ੍ਹ ਇੱਛਾ-ਸ਼ਕਤੀ, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਜੀਵਨ ਵਿੱਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਵਲੋਂ ਆਪਣੀ ਇੱਛਾ ਅਨੁਸਾਰ ਕਣਕ, ਚੌਲ, ਦਾਲਾਂ, ਫਲ, ਕੱਪੜੇ ਅਤੇ ਹੋਰ ਲਿਆਂਦੀ ਸਮੱਗਰੀ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਵਿਚ ਵੰਡੀ ਗਈ। ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਵਿਦਿਆਰਥੀਆਂ ਵਿਚ ਸਾਂਝ, ਸੇਵਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਅਸਲ ਸਥਿਤੀਆਂ ਨੂੰ ਸਮਝਣ ਅਤੇ ਮਨੁੱਖੀ ਮੁੱਲਾਂ ਨੂੰ ਅਪਣਾਉਣ ਦਾ ਮੌਕਾ ਵੀ ਦਿੰਦੇ ਹਨ। ਦੌਰੇ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ, ਸੰਜਮ ਅਤੇ ਸੰਵੇਦਨਸ਼ੀਲਤਾ ਦਾ ਪ੍ਰਦਰਸ਼ਨ ਕੀਤਾ। ਇਹ ਦੌਰਾ ਵਿਦਿਆਰਥੀਆਂ ਲਈ ਇਕ ਯਾਦਗਾਰ ਅਤੇ ਸਿੱਖਿਆਦਾਇਕ ਅਨੁਭਵ ਬਣਿਆ, ਜਿਸ ਨੇ ਉਨ੍ਹਾਂ ਵਿਚ ਹਮਦਰਦੀ, ਸਵੀਕਾਰਤਾ, ਆਤਮ-ਵਿਸ਼ਵਾਸ, ਦ੍ਰਿੜ੍ਹਤਾ ਅਤੇ ਸਮਾਵੇਸ਼ੀ ਸੋਚ ਵਰਗੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ।