15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਾਲ ਪੱਟੀ ਸ਼ਹਿਰ ਕੂੜੇ ਦੇ ਢੇਰਾਂ ’ਚ ਤਬਦੀਲ

ਅਜੀਤ ਡੈਸਕ 22-07-2026
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਨਗਰ ਕੌਂਸਲ ਪੱਟੀ ਦੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਕੀਤੀ ਜਾ ਰਹੀ ਹੜਤਾਲ ਦਾ ਅਸਰ ਹੁਣ ਸ਼ਹਿਰ ਦੀ ਸਫਾਈ ਵਿਵਸਥਾ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਹੜਤਾਲ ਕਾਰਨ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਸੇਵਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪਹਿਲਾਂ ਹਰ ਰੋਜ਼ ਇਕੱਠਾ ਕੀਤਾ ਜਾਣ ਵਾਲਾ ਕੂੜਾ ਹੁਣ ਘਰਾਂ ਦੇ ਬਾਹਰ, ਗਲੀਆਂ ਅਤੇ ਬਾਜ਼ਾਰਾਂ ਵਿਚ ਹੀ ਪਿਆ ਰਹਿ ਗਿਆ ਹੈ। ਕੂੜੇ ਵਿੱਚੋਂ ਉੱਠ ਰਹੀ ਤਿੱਖੀ ਬਦਬੂ ਕਾਰਨ ਲੋਕਾਂ ਦਾ ਬਾਜ਼ਾਰਾਂ ਵਿਚੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਬਹੁਤੇ ਲੋਕ ਮੂੰਹ ਢੱਕ ਕੇ ਆਉਣ-ਜਾਣ ਲਈ ਮਜ਼ਬੂਰ ਹਨ। ਬਰਸਾਤੀ ਮੌਸਮ ਅਤੇ ਗਰਮੀ ਦੇ ਮਿਲੇ-ਜੁਲੇ ਪ੍ਰਭਾਵ ਕਾਰਨ ਕੂੜੇ ਦੇ ਢੇਰਾਂ ਵਿਚ ਮੱਛਰ, ਮੱਖੀਆਂ ਅਤੇ ਹੋਰ ਹਾਨੀਕਾਰਕ ਕੀੜੇ-ਮਕੌੜੇ ਵੱਧ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਕੂੜੇ ਦੀ ਸਫਾਈ ਨਾ ਹੋਈ ਤਾਂ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਸਫਾਈ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇ ਤਾਂ ਜੋ ਹੜਤਾਲ ਖ਼ਤਮ ਹੋ ਸਕੇ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ‘ਤੇ ਆ ਸਕੇ। ਸ਼ਹਿਰ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਾਲਾਤ ਹੋਰ ਲੰਬੇ ਸਮੇਂ ਤੱਕ ਇੰਝ ਹੀ ਬਣੇ ਰਹੇ ਤਾਂ ਇਹ ਸਿਰਫ਼ ਸਫਾਈ ਦਾ ਨਹੀਂ, ਸਗੋਂ ਲੋਕ ਸਿਹਤ ਨਾਲ ਜੁੜਿਆ ਗੰਭੀਰ ਸੰਕਟ ਬਣ ਸਕਦਾ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਦਿਵਾਈ ਜਾਵੇ ਅਤੇ ਸੰਭਾਵਿਤ ਮਹਾਮਾਰੀਆਂ ਤੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗਾ।
ਪਿਛਲੀ ਖ਼ਬਰ ਪੱਟੀ ਦੀ ਲਾਹੌਰ ਚੌਂਕ–ਬੱਸ ਅੱਡਾ ਮੁੱਖ ਸੜਕ ਬਣਦਿਆਂ ਹੀ ਉਖੜਨੀ ਸ਼ੁਰੂ ਅਗਲੀ ਖ਼ਬਰ ਐਕਸਾਈਜ਼ ਵਿਭਾਗ ਨੇ ਸ਼ਹਿਰ ਤੋਂ ਲੈ ਕੇ ਪਿੰਡਾਂ ਪਿੰਡਾਂ ਤੱਕ ਦਿੱਤੀ ਦਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।