ਝਬਾਲ, 14 ਜੁਲਾਈ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠੀ ਸੋਹਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨ ’ਤੇ ਕਾਬਜ਼ ਇਕ ਵਿਅਕਤੀ ਅਤੇ ਉਸ ਦੇ ਸਾਥੀਆਂ ਵਲੋਂ ਗੋਲੀ ਚਲਾਉਣ ਨਾਲ ਦੋ ਵਿਅਕਤੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਪਿੰਡ ਦੇ ਮੌਜੂਦਾ ਸਰਪੰਚ ਜਗਮੀਤ ਸਿੰਘ ਵਲੋਂ ਥਾਣਾ ਝਬਾਲ ਵਿਖੇ ਦਰਜ ਕਰਵਾਏ ਬਿਆਨਾਂ ਅਨੁਸਾਰ ਪਿੰਡ ਦੀ ਤਿੰਨ ਏਕੜ ਪੰਚਾਇਤੀ ਜ਼ਮੀਨ ਉਤੇ ਪਿੰਡ ਦਾ ਵਸਨੀਕ ਧਰਮ ਸਿੰਘ ਪੁੱਤਰ ਕੇਸਰ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਪੰਚਾਇਤ ਕੋਲੋਂ ਅਦਾਲਤ ਵਿਚ ਕੇਸ ਪਾਇਆ ਗਿਆ ਸੀ। ਹਾਈਕੋਰਟ ਵਲੋਂ ਫ਼ੈਸਲਾ ਪੰਚਾਇਤ ਦੇ ਹੱਕ ਸੁਣਾ ਦਿੱਤਾ ਗਿਆ, ਜਿਸ ’ਤੇ ਕਾਬਜ਼ ਵਿਅਕਤੀ ਧਰਮ ਸਿੰਘ ਨੂੰ ਐਸ.ਡੀ.ਐਮ. ਦੀ ਅਦਾਲਤ ਵਲੋਂ 30 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਉਸ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਨਹੀਂ ਛੱਡਿਆ। ਅਦਾਲਤੀ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤੇ ਬੀ.ਡੀ.ਪੀ.ਓ. ਸਮੇਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਜ਼ਮੀਨ ਪੰਚਾਇਤ ਦੇ ਹਵਾਲੇ ਕਰ ਦਿੱਤੀ। ਜਦੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੰਚਾਇਤ ਨੂੰ ਕਬਜ਼ਾ ਦਿਵਾ ਕੇ ਵਾਪਸ ਪਰਤੇ ਤਾਂ ਧਰਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਸੀਟੂ ਪੁੱਤਰ ਅਮਰੀਕ ਸਿੰਘ ਅਤੇ ਗੁਰਬਖਸ਼ ਸਿੰਘ ਪੁੱਤਰ ਗੱਜਣ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਨਾਂ ਦੀ ਸਥਿਤੀ ਗੰਭੀਰ ਬਣੀਂ ਹੋਈ ਹੈ। ਉਕਤ ਬਿਆਨਾਂ ਦੇ ਆਧਾਰ ’ਤੇ ਥਾਣਾ ਝਬਾਲ ਵਿਖੇ ਧਰਮ ਸਿੰਘ ਪੁੱਤਰ ਕੇਸਰ ਸਿੰਘ, ਕੁਲਬੀਰ ਸਿੰਘ, ਰੇਸ਼ਮ ਕੌਰ, ਜੈਦੀਪ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ , ਹਰਮੀਤ ਸਿੰਘ, ਜਸ਼ਨਦੀਪ ਸਿੰਘ,ਕਰਨਦੀਪ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।