13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ‘ਪ੍ਰਗਿਆ’ ਸਕੀਮ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਅਕਾਲ ਅਕੈਡਮੀ ਢੋਟੀਆਂ ਦੇ ਬੱਚਿਆਂ ਨੂੰ ਪ੍ਰਗਿਆ ਸਕਾਲਰਸ਼ਿਪ ਸਕੀਮ ਸੰਬੰਧੀ ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ) ਵਲੋਂ ਕੋਲ ਇੰਡੀਆ ਲਿਮਟਿਡ ਦੇ ਸੀ.ਐਸ.ਆਰ. ਫੰਡਾਂ ਰਾਹੀਂ ‘ਪ੍ਰਗਿਆ’ ਸਕੀਮ ਅਧੀਨ ਦੇਸ਼ ਭਰ ਦੀਆਂ 1000 ਲੋੜਵੰਦ ਅਤੇ ਵੰਚਿਤ ਲੜਕੀਆਂ ਨੂੰ ਚਾਰ ਸਾਲਾਂ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਹ ਸਕਾਲਰਸ਼ਿਪ ਅੱਠਵੀਂ ਜਮਾਤ ਜਾਂ ਇਸ ਤੋਂ ਉੱਪਰ ਪੜ੍ਹ ਰਹੀਆਂ ਯੋਗ ਵਿਦਿਆਰਥਣਾਂ ਲਈ ਹੈ। ਸਕੀਮ ਦੀ ਯੋਗਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਗਿਆ ਕਿ ਉਹ ਲੜਕੀਆਂ, ਜਿਨ੍ਹਾਂ ਦੇ ਦੋਵੇਂ ਮਾਪਿਆਂ ਦਾ ਦਿਹਾਂਤ ਹੋ ਚੁੱਕਾ ਹੋਵੇ, ਪਰਿਵਾਰ ਦਾ ਕਮਾਉਣ ਵਾਲਾ ਮੈਂਬਰ ਨਾ ਰਿਹਾ ਹੋਵੇ, ਸਰੀਰਕ ਤੌਰ ’ਤੇ ਦਿਵਿਆਂਗ ਹੋਣ, ਮਾਪੇ ਆਰਥਿਕ ਤੌਰ ’ਤੇ ਸਿੱਖਿਆ ਦਾ ਖ਼ਰਚਾ ਚੁੱਕਣ ਦੇ ਸਮਰੱਥ ਨਾ ਹੋਣ, ਪਿਤਾ ਜੇਲ੍ਹ ਵਿਚ ਹੋਵੇ ਅਤੇ ਮਾਤਾ ਦੀ ਆਮਦਨ ਘੱਟ ਹੋਵੇ ਜਾਂ ਹੋਰ ਇਸੇ ਤਰ੍ਹਾਂ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਵਾਲੀਆਂ ਵਿਦਿਆਰਥਣਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਯੋਗ ਵਿਦਿਆਰਥਣ ਇਸ ਸਕੀਮ ਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਤਾਂ ਉਹ ਆਪਣੇ ਸਕੂਲ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਨਾਲ ਸੰਪਰਕ ਕਰਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੀ ਜਾਣਕਾਰੀ ਜਮ੍ਹਾ ਕਰਵਾਏ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਵਿਦਿਆਰਥਣਾਂ ਨੂੰ ਇਸ ਸਕਾਲਰਸ਼ਿਪ ਦਾ ਲਾਭ ਮਿਲ ਸਕੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸਕੀਮ ਸੰਬੰਧੀ ਆਪਣੇ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਵਿਸਥਾਰਪੂਰਵਕ ਜਵਾਬ ਦੇ ਕੇ ਉਨ੍ਹਾਂ ਨੂੰ ਸਕੀਮ ਦੀਆਂ ਸ਼ਰਤਾਂ ਅਤੇ ਲਾਭਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਲੋੜਵੰਦ ਵਿਦਿਆਰਥਣਾਂ ਸਰਕਾਰੀ ਅਤੇ ਕਾਨੂੰਨੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।
ਪਿਛਲੀ ਖ਼ਬਰ ਗੋਲਡਨ ਐਵੇਨਿਊ ਵਿਖੇ ਹੋਟਲਾਂ ਦੇ ਅੰਨ੍ਹੇਵਾਹ ਖੁੱਲ੍ਹਣ ਨਾਲ ਪਾਰਕਿੰਗ ਸੰਕਟ ਹੋਇਆ ਹੋਰ ਡੂੰਘਾ ਅਗਲੀ ਖ਼ਬਰ ਦੇਸ਼ ਬਚਾਓ ਮੋਰਚਾ ਦੇ ਸੱਦੇ ਲਈ ਜ਼ੋਰਦਾਰ ਤਿਆਰੀ-ਗੋਹਲਵੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।