20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਸਰਟੀਫਿਕੇਟ ਬਣਵਾਉਣ ਨੂੰ ਲੈ ਕੇ ਔਰਤਾਂ ਦੀ ਖੱਜਲ-ਖੁਆਰੀ

ਅਜੀਤ ਡੈਸਕ 07-07-2026
ਪੱਟੀ, 6 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਸਕੀਮ ਅਧੀਨ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ. ਤੇ ਹੋਰ ਵਰਗਾਂ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣ ਅਤੇ ਜਾਤੀ ਸਰਟੀਫਿਕੇਟ ਬਣਵਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੇ ਚਲਦਿਆਂ ਸੁਵਿਧਾ ਸੈਂਟਰਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਪਹੁੰਚ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸੁਵਿਧਾ ਸੈਂਟਰ ਪੱਟੀ ਵਿਖੇ ਔਰਤਾਂ ਸਵੇਰੇ 4 ਵਜੇ ਤੋਂ ਹੀ ਲਾਈਨਾਂ ਵਿਚ ਲੱਗ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ‘ਤੇ ਹੋ ਸਕੇ ਪਰ ਜਦੋਂ ਸਵੇਰੇ 9 ਵਜੇ ਟੋਕਨ ਜਾਰੀ ਕੀਤੇ ਜਾਂਦੇ ਹਨ ਤਾਂ ਤੜਕਸਾਰ ਤੋਂ ਹੀ ਲਾਈਨਾਂ ਵਿਚ ਲੱਗਣ ਵਾਲੀਆਂ ਔਰਤਾਂ ਨੂੰ 40, 45 ਜਾਂ 50 ਨੰਬਰ ਦੇ ਟੋਕਨ ਮਿਲਦੇ ਹਨ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਔਰਤਾਂ ਦਾ ਕਹਿਣਾ ਹੈ ਕਿ ਉਹ ਘੰਟਿਆਂ ਪਹਿਲਾਂ ਲਾਈਨ ਵਿਚ ਖੜ੍ਹੀਆਂ ਹੁੰਦੀਆਂ ਹਨ ਫਿਰ ਵੀ ਉਨ੍ਹਾਂ ਨੂੰ ਪਹਿਲੇ ਨੰਬਰਾਂ ਦੀ ਥਾਂ ਕਾਫੀ ਪਿੱਛੇ ਵਾਲੇ ਟੋਕਨ ਦਿੱਤੇ ਜਾਂਦੇ ਹਨ । ਸੂਤਰਾਂ ਅਨੁਸਾਰ ਇਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਪੜ੍ਹੇ-ਲਿਖੇ ਅਤੇ ਤਕਨੀਕੀ ਜਾਣਕਾਰੀ ਰੱਖਣ ਵਾਲੇ ਲੋਕ ਆਨਲਾਈਨ ਟੋਕਨ ਆਪਣੇ ਘਰਾਂ ਵਿਚ ਬੈਠੇ ਹੀ ਪ੍ਰਾਪਤ ਕਰ ਲੈਂਦੇ ਹਨ ਜਦਕਿ ਬਹੁਤ ਸਾਰੀਆਂ ਔਰਤਾਂ ਇਸ ਪ੍ਰਕਿਰਿਆ ਤੋਂ ਅਣਜਾਣ ਹਨ । ਨਤੀਜੇ ਵਜੋਂ ਉਨ੍ਹਾਂ ਨੂੰ ਲੰਬੀਆਂ ਕਤਾਰਾਂ ਵਿਚ ਖੜ੍ਹੇ ਰਹਿਣ ਦੇ ਬਾਵਜੂਦ ਦੇਰ ਨਾਲ ਟੋਕਨ ਮਿਲਦੇ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਕਰੀਬ 300 ਤੋਂ 400 ਔਰਤਾਂ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣ ਅਤੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੁਵਿਧਾ ਸੈਂਟਰ ਪਹੁੰਚਦੀਆਂ ਹਨ । ਦੂਜੇ ਪਾਸੇ ਸੁਵਿਧਾ ਸੈਂਟਰ ਵਿਚ ਕੇਵਲ ਚਾਰ ਕਰਮਚਾਰੀ ਅਤੇ ਕੰਪਿਊਟਰ ਆਪਰੇਟਰ ਹੀ ਤਾਇਨਾਤ ਹਨ, ਜਿਸ ਕਾਰਨ ਰੋਜ਼ਾਨਾ 130 ਤੋਂ 150 ਦੇ ਕਰੀਬ ਟੋਕਨਾਂ ਵਾਲੇ ਕੰਮ ਹੀ ਨਿਪਟਾਏ ਜਾ ਰਹੇ ਹਨ । ਇਸ ਕਾਰਨ ਜਿੱਥੇ ਇਕ ਪਾਸੇ ਔਰਤਾਂ ਨੂੰ ਦਿਨ ਭਰ ਉਡੀਕ ਕਰਨੀ ਪੈਂਦੀ ਹੈ, ਉੱਥੇ ਹੀ ਦੂਜੇ ਪਾਸੇ ਕੰਪਿਊਟਰ ਆਪਰੇਟਰਾਂ ਨੂੰ ਵੀ ਲੋਕਾਂ ਦੇ ਰੋਸ ਅਤੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਲੋਕ ਜੋ ਹੋਰ ਸਰਕਾਰੀ ਕੰਮਾਂ ਲਈ ਸੁਵਿਧਾ ਸੈਂਟਰਾਂ ਵਿਚ ਪਹੁੰਚਦੇ ਹਨ, ਉਹ ਵੀ ਭੀੜ ਅਤੇ ਸੀਮਤ ਸਟਾਫ ਕਾਰਨ ਪ੍ਰੇਸ਼ਾਨ ਹੋ ਰਹੇ ਹਨ।
ਪਿੰਡਾਂ ਵਿਚ ਬੰਦ ਪਏ ਸੁਵਿਧਾ ਸੈਂਟਰ ਮੁੜ ਖੋਲ੍ਹੇ ਜਾਣ–ਸੁਖਵਿੰਦਰ ਸਿੰਘ ਸਭਰਾ
ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਔਰਤਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਸੁਵਿਧਾ ਸੈਂਟਰਾਂ ਦੇ ਕਰਮਚਾਰੀਆਂ ’ਤੇ ਪੈ ਰਹੇ ਵਾਧੂ ਕੰਮ ਦੇ ਬੋਝ ਨੂੰ ਘਟਾਉਣ ਲਈ ਪਿੰਡਾਂ ਵਿਚ ਬੰਦ ਪਏ ਸੁਵਿਧਾ ਸੈਂਟਰਾਂ ਨੂੰ ਮੁੜ ਚਾਲੂ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇ ਪੇਂਡੂ ਪੱਧਰ ‘ਤੇ ਸੁਵਿਧਾ ਸੈਂਟਰ ਮੁੜ ਕਾਰਜਸ਼ੀਲ ਹੋ ਜਾਣ ਤਾਂ ਲੋਕਾਂ ਨੂੰ ਆਪਣੇ ਨੇੜੇ ਹੀ ਸਹੂਲਤਾਂ ਮਿਲ ਸਕਣਗੀਆਂ ਅਤੇ ਪੱਟੀ ਵਰਗੇ ਕੇਂਦਰੀ ਸੁਵਿਧਾ ਸੈਂਟਰਾਂ ’ਤੇ ਵਧ ਰਹੇ ਦਬਾਅ ਨੂੰ ਵੀ ਘਟਾਇਆ ਜਾ ਸਕੇਗਾ।
ਪਿਛਲੀ ਖ਼ਬਰ ਖਾਲੜਾ ਮੰਡੀ ’ਚ ਚੋਰਾਂ ਦੀ ਦਹਿਸ਼ਤ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਦੇਸ਼ ਦੀ ਆਜ਼ਾਦੀ ਲਈ ਭਾਈ ਮਹਾਰਾਜ ਸਿੰਘ ਜੀ ਦੀ ਸ਼ਹਾਦਤ ਬੇਮਿਸਾਲ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ- ਜਥੇ. ਉਮੈਦਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।