07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਾਲੇ ਵਲੋਂ ਪੈਟਰੋਲ ਪਾ ਕੇ ਸਾੜੇ ਜੀਜੇ ਦੀ ਮੌਤ ਤੋਂ ਬਾਅਦ ਭਰਜਾਈ ਨੇ ਵੀ ਦਮ ਤੋੜਿਆ

ਅਜੀਤ ਡੈਸਕ 04-07-2026
ਤਰਨ ਤਾਰਨ, 3 ਜੁਲਾਈ (ਹਰਿੰਦਰ ਸਿੰਘ)—ਬੀਤੀ 13 ਜੂਨ ਨੂੰ ਪਿੰਡ ਸੰਘੇ ਵਿਖੇ ਆਪਣੀ ਪਤਨੀ ਨੂੰ ਮਿਲਣ ਆਏ ਇਕ ਵਿਅਕਤੀ ਨੂੰ ਉਸ ਦੇ ਸਾਲੇ ਵਲੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਉਸ ਨੂੰ ਬਚਾਉਂਦਿਆਂ ਹਮਲਾਵਰ ਦੀ ਭਰਜਾਈ ਅਤੇ ਖ਼ੁਦ ਹਮਲਾਵਰ ਵੀ ਇਸ ਅੱਗ ਦੀ ਚਪੇਟ ਵਿਚ ਆ ਗਏ ਸਨ। ਇਸ ਮਾਮਲੇ ਵਿਚ ਪਹਿਲਾਂ ਹੀ ਲਵਪ੍ਰੀਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਹੁਣ ਗੰਭੀਰ ਰੂਪ ਵਿਚ ਜ਼ਖ਼ਮੀ ਔਰਤ ਗੁਰਜੀਤ ਕੌਰ ਨੇ ਵੀ ਦਮ ਤੋੜ ਦਿੱਤਾ ਹੈ। ਪੁਲਿਸ ਨੇ ਪਹਿਲਾਂ ਦਰਜ ਕੀਤੇ ਗਏ ਮਾਮਲੇ ਵਿਚ ਔਰਤ ਦੀ ਮੌਤ ਤੋਂ ਬਾਅਦ ਧਾਰਾ ਵਿਚ ਵਾਧਾ ਕਰ ਦਿੱਤਾ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਨਵਦੀਪ ਭੱਟੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਕੁੱਲੜਵਾਹ ਜ਼ਿਲ੍ਹਾ ਅੰਮ੍ਰਿਤਸਰ ਨੇ ਜ਼ਖ਼ਮੀ ਹਾਲਤ ਵਿਚ ਬਿਆਨ ਦਿੱਤੇ ਸਨ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਸੰਦੀਪ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਸੰਘਾ ਨਾਲ ਹੋਇਆ ਸੀ। ਮਿਤੀ 12 ਜੂਨ ਨੂੰ ਉਸ ਦੀ ਪਤਨੀ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਪੇਕੇ ਪਿੰਡ ਸੰਘੇ ਵਿਖੇ ਆ ਗਈ। ਉਹ 13 ਜੂਨ ਨੂੰ ਆਪਣੀ ਪਤਨੀ ਨੂੰ ਮਿਲਣ ਵਾਸਤੇ ਪਿੰਡ ਸੰਘੇ ਆਇਆ ਤਾਂ ਉਥੇ ਰਸਤੇ ਵਿਚ ਉਸ ਦੇ ਸਾਲੇ ਸਾਜਨ ਸਿੰਘ ਨੇ ਉਸ ਨੂੰ ਟੈਲੀਫੋਨ ਕਰਕੇ ਬੁਲਾ ਕੇ ਗਲੀ ਵਿਚ ਪੈਟਰੋਲ ਦੀ ਬਾਲਟੀ ਉਸ ਉਪਰ ਪਾ ਕੇ ਅੱਗ ਲਗਾ ਦਿੱਤੀ। ਲਵਪ੍ਰੀਤ ਸਿੰਘ ਨੇ ਨਾਲੇ ਵਿਚ ਛਾਲ ਮਾਰ ਕੇ ਆਪਣੀ ਮੌਕੇ ’ਤੇ ਜਾਨ ਬਚਾਅ ਲਈ, ਪਰ ਅੱਗ ਕਾਰਨ ਉਹ ਝੁਲਸ ਗਿਆ। ਲਵਪ੍ਰੀਤ ਸਿੰਘ ਨੂੰ ਬਚਾਉਣ ਲਈ ਸਾਜਨ ਸਿੰਘ ਦੀ ਭਰਜਾਈ ਗੁਰਜੀਤ ਕੌਰ ਜਦ ਅੱਗੇ ਆਈ ਤਾਂ ਪੈਟਰੋਲ ਦੀ ਅੱਗ ਨੇ ਉਸ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਇਸ ਅੱਗ ਵਿਚ ਸਾਜਨ ਸਿੰਘ ਵੀ ਝੁਲਸ ਗਿਆ। ਲਵਪ੍ਰੀਤ ਸਿੰਘ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ, ਜਦਕਿ ਝੁਲਸੀ ਔਰਤ ਗੁਰਜੀਤ ਕੌਰ ਦੀ ਹੁਣ ਮੌਤ ਹੋ ਗਈ। ਐਸ.ਐਚ.ਓ. ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿਚ ਸਾਜਨ ਸਿੰਘ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਔਰਤ ਤੇ ਉਸ ਦੇ ਲੜਕੇ ਅਤੇ ਦਿਉਰ ਨਾਲ ਕੁੱਟਮਾਰ ਕਰਨ ’ਤੇ 7 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਦੇ ਅਣਗਿਣਤ ਕੱਟਾਂ ਨੇ ਕਿਸਾਨਾਂ ਤੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ-ਰਮਨਦੀਪ ਕੌਰ, ਬਿੱਲਾ ਸੇਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।