29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਾਰਡ ਨੰਬਰ 8 ਦੀਆਂ ਨਾਲੀਆਂ ਅਤੇ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਅੱਗੇ ਇਕੱਠਾ ਹੋਇਆ ਗੰਦਾ ਪਾਣੀ

ਅਜੀਤ ਡੈਸਕ 03-07-2026
ਭਿੱਖੀਵਿੰਡ, 2 ਜੁਲਾਈ (ਬੌਬੀ) - ਭਿੱਖੀਵਿੰਡ ਸ਼ਹਿਰ ਦੀ ਵਾਰਡ ਨੰ. 8 ਵਿਚ ਨਾਲੀਆਂ ਤੇ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਅੱਗੇ ਗੰਦਾ ਪਾਣੀ ਤੇ ਗੰਦਗੀ ਇਕੱਠੀ ਹੋ ਗਈ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਪੰਚਾਇਤ ਅਤੇ ਪ੍ਰਸ਼ਾਸਨ ਲੋਕਾਂ ਨੂੰ ਇਸ ਤੋਂ ਰਾਹਤ ਦਿਵਾਉਣ ਵਿਚ ਨਾਕਾਮ ਰਿਹਾ ਹੈ। ਵਾਰਡ ਨੰ. 8 ਤੋਂ ਪਹਿਲੀ ਵਾਰ ਨਗਰ ਪੰਚਾਇਤ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ 141 ਵੋਟਾਂ ਹਾਸਲ ਕਰਨ ਵਾਲੇ ਕਾ. ਬਲਦੇਵ ਸਿੰਘ ਨੇ ਵਾਰਡ ਵਾਸੀ ਨਰਿੰਦਰਜੀਤ ਕੌਰ, ਸੁਖਵਿੰਦਰ ਕੌਰ, ਬਲਬੀਰ ਕੌਰ, ਜਸਬੀਰ ਕੌਰ, ਮਨਦੀਪ ਕੌਰ, ਸ਼ਿੰਦੋ, ਲਖਬੀਰ ਕੌਰ, ਗੁਰਮੀਤ ਕੌਰ, ਰਣਜੀਤ ਕੌਰ, ਬਾਬਾ ਸ਼ਿੰਗਾਰਾ ਨਾਥ, ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪ੍ਰਧਾਨ ਜਸਵੰਤ ਸਿੰਘ, ਕਾ. ਕਸ਼ਮੀਰ ਸਿੰਘ, ਸਲਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਨਾਮ ਸਿੰਘ, ਬਚਨ ਸਿੰਘ, ਬਲਕਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਵਾਰਡ ਨੰ. 8 ਵਿਚ ਨਾਲੀਆਂ ਦਾ ਗੰਦਾ ਪਾਣੀ ਮੇਨ ਗਲੀ ਸਮੇਤ ਗਿਰਜਾਘਰ ਵਾਲੀ ਗਲੀ, ਸ਼ਿੰਗਾਰਾ ਸਿੰਘ ਵਾਲੀ ਗਲੀ ਅਤੇ ਨੰਬਰਦਾਰ ਹਰਚੰਦ ਸਿੰਘ ਵਾਲੀ ਗਲੀ ਵਿਚ ਇਕੱਠਾ ਹੋਣ ਕਾਰਨ ਗਲੀਆਂ ਵਿਚ ਕੀੜੇ-ਮਕੌੜੇ ਪੈਦਾ ਹੋ ਗਏ ਹਨ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੀ ਵੜ ਜਾਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਵੀ ਬਣਿਆ ਹੋਇਆ ਹੈ। ਹਾਲਾਂਕਿ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬੰਧੀ ਕਈ ਵਾਰ ਨਗਰ ਪੰਚਾਇਤ ਅਧਿਕਾਰੀਆਂ ਅਤੇ ਮੌਜੂਦਾ ਕੌਂਸਲਰ ਨੂੰ ਵਾਰਡ ਦੀਆਂ ਸਮੱਸਿਆਵਾਂ ਬਾਰੇ ਸੂਚਿਤ ਕੀਤਾ ਹੈ, ਪਰ ਕੋਈ ਹੱਲ ਨਹੀਂ ਹੋਇਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਾਰਡ ਦੀ ਮੇਨ ਗਲੀ ਵਿਚ ਨਿਕਾਸੀ ਨਾਲੀਆਂ ਸਫ਼ਾਈ ਨਾ ਹੋਣ ਕਾਰਨ ਬੰਦ ਪਈਆਂ ਹਨ ਅਤੇ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੇ ਘਰਾਂ ਅੱਗੇ ਗੰਦਾ ਪਾਣੀ ਇਕੱਠਾ ਹੋ ਗਿਆ ਹੈ। ਇਹ ਸਮੱਸਿਆ ਲਗਪਗ ਪਿਛਲੇ 6 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ। ਕਾ. ਬਲਦੇਵ ਸਿੰਘ ਨੇ ਕਿਹਾ ਕਿ ਗੰਦਗੀ ਨਾਲ ਖੇਤਰ ’ਚ ਬਦਬੂ ਫੈਲ ਰਹੀ ਹੈ ਅਤੇ ਬੱਚੇ ਬਿਮਾਰ ਹੋ ਰਹੇ ਹਨ। ਬਰਸਾਤ ਦੌਰਾਨ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ ਅਤੇ ਕਈ ਵਾਰ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਚਲਾ ਜਾਂਦਾ ਹੈ।
aਹਰੇਕ ਵਾਰਡ ਵਾਸੀ ਦਾ ਕੋਈ ਵੀ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ - ਕੌਂਸਲਰ ਹਰਪਾਲ ਸਿੰਘ
ਵਾਰਡ ਨੰ. 8 ਦੇ ਕੌਂਸਲਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਨਗਰ ਪੰਚਾਇਤ ਦੇ ਡਰਾਈਵਰ ਵਲੋਂ ਟਰੈਕਟਰ ’ਚੋਂ ਤੇਲ ਕੱਢ ਕੇ ਵੇਚਣ ’ਤੇ ਨੌਕਰੀ ਤੋਂ ਕੱਢਿਆ ਗਿਆ ਹੈ, ਜਿਸ ਨੂੰ ਦੁਬਾਰਾ ਨੌਕਰੀ ’ਤੇ ਰੱਖਣ ਦੀ ਮੰਗ ਨੂੰ ਲੈ ਕੇ ਸਫਾਈ ਸੇਵਕ ਕਾਫੀ ਦਿਨਾਂ ਤੋਂ ਹੜਤਾਲ ’ਤੇ ਬੈਠੇ ਹਨ। ਹੜਤਾਲ ਖੁੱਲ੍ਹਦੇ ਹੀ ਵਾਰਡ ਨੰ. 8 ਦੀ ਗੰਦੇ ਪਾਣੀ ਦੀ ਨਿਕਾਸੀ ਸੰਬੰਧੀ ਸਮੱਸਿਆ ਹੱਲ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਾਰਡ ਵਾਸੀ ਦਾ ਕੰਮ ਬਿਨਾਂ ਕਿਸੇ ਭੇਦ-ਭਾਵ ਦੇ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ, ਭਾਵੇਂ ਉਸ ਨੇ ਕਿਸੇ ਨੂੰ ਵੀ ਵੋਟ ਪਾਈ ਹੋਵੇ। ਇਸ ਸੰਬੰਧੀ ਨਗਰ ਪੰਚਾਇਤ ਭਿੱਖੀਵਿੰਡ ਦੇ ਈ.ਓ. ਧਰਮਪਾਲ ਸਿੰਘ ਦਾ ਕਹਿਣਾ ਹੈ ਕਿ ਵਾਰਡ ਨੰ. 8 ਦੀ ਮੁਸ਼ਕਲ ਤੋਂ ਉਹ ਜਾਣੂ ਹਨ, ਪਰ ਕੁਝ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਹੱਲ ਨਹੀਂ ਹੋ ਪਾਇਆ। ਹੜਤਾਲ ਖ਼ਤਮ ਹੁੰਦੇ ਹੀ ਜਲਦੀ ਹੀ ਪਾਣੀ ਨਿਕਾਸੀ ਦਾ ਹੱਲ ਕਰਵਾ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਭਾਰਤ-ਅਮਰੀਕਾ ਟਰੇਡ ਸਮਝੌਤੇ ਵਿਰੁੱਧ ਐਕਸ਼ਨ 22 ਨੂੰ-ਐਸ.ਕੇ.ਐਮ. ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੀ.ਆਰ.ਟੀ.ਐੱਸ ਲਾਂਘੇ ਨੂੰ ਖਤਮ ਕਰਨ ਦੀ ਮਿਲੀ ਪ੍ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।