22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

‘ਆਪ’ ਕੋਲ ਬਹੁਮਤ ਹੋਣ ਦੇ ਬਾਵਜੂਦ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ 9 ਮਹੀਨਿਆਂ ਤੋਂ ਸਰਕਾਰ ਨਹੀਂ ਕਰਵਾ ਸਕੀ ਚੋਣ

ਅਜੀਤ ਡੈਸਕ 20-06-2026
ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਨਗਰ ਕੌਂਸਲ ਦੀ ਚੋਣ ਹੋਇਆਂ 15 ਮਹੀਨੇ ਬੀਤ ਗਏ, ਪਰ ਤਰਨ ਤਾਰਨ ਨਗਰ ਕੌਂਸਲ ਵਿਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਅਜੇ ਵੀ ਖ਼ਾਲੀ ਪਏ ਹਨ ਅਤੇ ਤਰਨ ਤਾਰਨ ਵਾਸੀਆਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਨਸੀਬ ਨਹੀਂ ਹੋ ਸਕੇ। ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੁੱਟਬੰਦੀ ਕਾਰਨ ਇਹ ਅਹੁਦੇ ਅਜੇ ਵੀ ਖ਼ਾਲੀ ਪਏ ਹਨ। ਇਹ ਮਾਮਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਲਿਜਾਣ ਅਤੇ ਹਾਈਕੋਰਟ ਵਲੋਂ ਸਤੰਬਰ 2025 ਨੂੰ ਇਹ ਚੋਣ ਦੋ ਮਹੀਨਿਆਂ ਵਿਚ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਅੱਜ ਵੀ ਇਹ ਮਾਮਲਾ ਠੰਢੇ ਬਸਤੇ ਵਿਚ ਪਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ. ਡਾ. ਕਰਨਵੀਰ ਸਿੰਘ ਨੂੰ ਪ੍ਰਸ਼ਾਸਕ ਲਗਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਸਾਲ 2015 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ‘ਤੇ ਭੁਪਿੰਦਰ ਸਿੰਘ ਖੇੜਾ ਨੂੰ ਬਿਠਾਇਆ ਸੀ। 2017 ਵਿਚ ਸੱਤਾ ਦੀ ਤਬਦੀਲੀ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ 2017 ਵਿਚ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੂੰ ਲਾਹ ਦਿੱਤਾ ਗਿਆ। ਸਾਲ 2020 ਵਿਚ ਨਗਰ ਕੌਂਸਲਰਾਂ ਦਾ ਕਾਰਜਕਾਲ ਖ਼ਤਮ ਹੋ ਗਿਆ। ਬਾਅਦ ਵਿਚ ਅਕਾਲੀ ਦਲ ਦੇ ਆਗੂਆਂ ਵਲੋਂ ਵਾਰਡਬੰਦੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਾ ਦਿੱਤੀ ਤੇ ਨਗਰ ਕੌਂਸਲ ਦੀਆਂ ਚੋਣਾਂ ਅੱਗੇ ਪੈਂਦੀਆਂ ਰਹੀਆਂ। ਸਾਲ 2022 ਵਿਚ ਫਿਰ ਤੋਂ ਸੱਤਾ ਦੀ ਤਬਦੀਲੀ ਹੋਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਮਾਰਚ 2025 ਵਿਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ 23 ਵਾਰਡਾਂ ਵਿਚੋਂ 8 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕੀ, ਤਿੰਨ ਕੌਂਸਲਰ ਕਾਂਗਰਸ ਪਾਰਟੀ ਦੇ ਬਣੇ ਅਤੇ ਬਾਕੀ ਆਜ਼ਾਦ ਧੜੇ ਅਤੇ ਹਰਮੀਤ ਸਿੰਘ ਸੰਧੂ ਧੜੇ ਦੇ ਮੈਂਬਰ ਚੋਣ ਜਿੱਤੇ। ਜਿੱਤ ਤੋਂ ਬਾਅਦ ਕਾਂਗਰਸ ਦੇ ਤਿੰਨੇ ਕੌਂਸਲਰ ਆਜ਼ਾਦ ਧੜੇ ਵਿਚ ਸ਼ਾਮਿਲ ਹੋ ਗਏ, ਜੋ ਕਿ ਬਾਅਦ ਵਿਚ ਅਕਾਲੀ ਦਲ ਵਿਚ ਜਾ ਰਹੇ। ਜਦਕਿ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 12 ਤੋਂ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ ਬਿਨਾਂ ਮੁਕਾਬਲਾ ਚੁਣੇ ਗਏ। ਉਸ ਸਮੇਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਤਰਨ ਤਾਰਨ ਦੇ ਵਿਧਾਇਕ ਰਹੇ ਸਵ. ਡਾ. ਕਸ਼ਮੀਰ ਸਿੰਘ ਸੋਹਲ ਵਿਚ ਆਪਣੇ ਆਪਣੇ ਸਮੱਰਥਕਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਉਣ ਦੀ ਹੋੜ ਲੱਗ ਗਈ ਅਤੇ ਪਾਰਟੀ ਹਾਈਕਮਾਨ ਨੇ ਇਹ ਮਸਲਾ ਠੰਢੇ ਬਸਤੇ ਵਿਚ ਪਾ ਦਿੱਤਾ। ਇਸ ਦੇ ਚੱਲਦਿਆਂ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਦਾਇਰ ਕਰਕੇ ਇਸ ਚੋਣ ਦਾ ਮਾਮਲਾ ਚੁੱਕਿਆ। ਚਾਰ ਸਤੰਬਰ 2025 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਹਰਸਿਮਰਨ ਸਿੰਘ ਸੇਠੀ ਤੇ ਵਿਕਾਸ ਸੂਰੀ ਵਲੋਂ ਇਸ ਰਿਟ ਦਾ ਨਿਪਟਾਰਾ ਕਰਦਿਆਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਦੋ ਮਹੀਨਿਆਂ ਵਿਚ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਆਮ ਆਦਮੀ ਪਾਰਟੀ ਵਿਚ ਗੁੱਟਬੰਦੀ ਕਾਰਨ ਇਹ ਚੋਣ ਅੱਜ ਵੀ ਲਟਕ ਰਹੀ ਹੈ। ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਹਰਮੀਤ ਸਿੰਘ ਸੰਧੂ ਆਪਣੇ ਧੜੇ ਨਾਲ ਸੰਬੰਧਿਤ ਆਜ਼ਾਦ ਕੌਂਸਲਰਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਬਹੁਮਤ ਉਨ੍ਹਾਂ ਦੇ ਕੋਲ ਆ ਗਿਆ। ਤਰਨ ਤਾਰਨ ਵਿਚ ਨਵੰਬਰ 2025 ਮਹੀਨੇ ਵਿਚ ਹੋਈ ਜ਼ਿਮਨੀ ਚੋਣ ਵਿਚ ਹਰਮੀਤ ਸਿੰਘ ਸੰਧੂ ਵਿਧਾਇਕ ਚੁਣੇ ਗਏ ਤੇ ਉਨ੍ਹਾਂ ਦੇ ਕੋਲ ਕੌਂਸਲਰਾਂ ਦਾ ਬਹੁਮਤ ਵੀ ਆ ਗਿਆ। ਪ੍ਰਧਾਨਗੀ ਦੇ ਅਹੁਦੇ ਲਈ ਸਰਬਰਿੰਦਰ ਸਿੰਘ ਭਰੋਵਾਲ, ਸਰਬਜੀਤ ਸਿੰਘ ਭੁੱਲਰ ਤੇ ਸਰਬਜੀਤ ਸਿੰਘ ਲਾਲੀ ਵਸੀਕਾ ਦੇ ਨਾਂਅ ਅੱਗੇ ਆਏ, ਪਰ ਪੱਟੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਸਮੱਰਥਕ ਅਤੇ ਵਿਧਾਇਕ ਹਰਮੀਤ ਸਿੰਘ ਸੰਧੂ ਆਪਣੇ ਸਮੱਰਥਕਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਜਿਸ ਕਾਰਨ ਇਹ ਰੇੜਕਾ ਪੈ ਗਿਆ ਅਤੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਡੰਗ ਟਪਾਇਆ ਜਾ ਰਿਹਾ ਹੈ। ਹੁਣ ਲਾਲਜੀਤ ਸਿੰਘ ਭੁੱਲਰ ਦੇ ਜੇਲ੍ਹ ਵਿਚ ਹੋਣ ਦੇ ਬਾਵਜੂਦ ਵੀ ਤਰਨ ਤਾਰਨ ਨਗਰ ਕੌਂਸਲ ਦੀ ਚੋਣ ਨੇਪਰੇ ਨਹੀਂ ਚੜ੍ਹ ਸਕੀ ਹੈ। ਇਸ ਦਾ ਕਾਰਨ ਇਹ ਹੈ ਕਿ ਜੇਕਰ ਇਹ ਚੋਣ ਹੁੰਦੀ ਹੈ ਤਾਂ ਉਸ ਸਮੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਦਾਅਵੇਦਾਰ ਕੌਂਸਲਰਾਂ ਵਿਚ ਫੁੱਟ ਸਾਹਮਣੇ ਆ ਸਕਦੀ ਹੈ, ਜਿਸ ਕਾਰਨ ਇਹ ਚੋਣ ਕਰਵਾਉਣ ਵਿਚ ਦੇਰੀ ਹੋ ਰਹੀ ਹੈ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਇਸ ਸੰਬੰਧ ਵਿਚ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ, ਪਰ ਇਸ ਦਾ ਖ਼ਮਿਆਜ਼ਾ ਤਰਨ ਤਾਰਨ ਦੇ ਲੋਕ ਭੁਗਤ ਰਹੇ ਹਨ, ਜੋ ਨਗਰ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਤੋਂ ਬਿਨਾਂ ਫਿਰ ਤੋਂ ਆਪਣੇ ਕੰਮਾਂ ਨੂੰ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ।
b
ਪਿਛਲੀ ਖ਼ਬਰ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਬਾਜ਼ਾਰ ’ਚ ਦੁਕਾਨ ਦਾ ਉਦਘਾਟ... ਅਗਲੀ ਖ਼ਬਰ ਲਾਹੌਰ ਚੌਕ ਵਿਖੇ ਗਲੇ-ਸੜੇ ਫਲਾਂ ਤੇ ਸਬਜ਼ੀਆਂ ਦੇ ਢੇਰਾਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਲਾਇਆ ਗ੍ਰਹਿਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।