11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਝੱਖੜ ਤੇ ਮੀਂਹ ਨੇ ਫਲਾਂ ਦੇ ਬਾਗਾਂ ਦਾ ਕੀਤਾ ਭਾਰੀ ਨੁਕਸਾਨ, ਕਿਸਾਨਾਂ ਨੇ ਮੰਗਿਆ ਮੁਆਵਜ਼ਾ

ਅਜੀਤ ਡੈਸਕ 13-06-2026
ਪੱਟੀ, 12 (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬੀਤੀ ਦੇਰ ਸ਼ਾਮ ਆਏ ਤੇਜ਼ ਝੱਖੜ ਅਤੇ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ, ਪਰ ਉਥੇ ਹੀ ਬਾਗਬਾਨੀ ਨਾਲ ਜੁੜੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ। ਪੱਟੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਨਾਸ਼ਪਤੀ, ਗੱਭੂਗੋਸਾ, ਅੰਬ, ਲੀਚੀ, ਅਮਰੂਦ ਸਮੇਤ ਹੋਰ ਫਲਦਾਰ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ ਤੇਜ਼ ਝੱਖੜ ਕਾਰਨ ਕਈ ਫਲਦਾਰ ਦਰੱਖਤਾਂ ਤੋਂ ਫਲ ਝੜ ਗਏ, ਜਦਕਿ ਕਈ ਬੂਟੇ ਜੜ੍ਹਾਂ ਸਮੇਤ ਉਖੜ ਗਏ। ਇਸ ਅਚਾਨਕ ਕੁਦਰਤੀ ਆਫ਼ਤ ਕਾਰਨ ਬਾਗਬਾਨੀ ਕਾਸ਼ਤਕਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਗਾਂ ਦੀ ਸੰਭਾਲ ਲਈ ਸਾਲ ਭਰ ਮਿਹਨਤ ਕੀਤੀ ਸੀ ਪਰ ਕੁਝ ਮਿੰਟਾਂ ਦੀ ਹਨੇਰੀ ਅਤੇ ਮੀਂਹ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ। ਇਸ ਸੰਬੰਧੀ ਬਾਗਵਾਨੀ ਕਾਸ਼ਤਕਾਰ ਨਿਸ਼ਾਨ ਸਿੰਘ ਬੁਟਰ, ਪ੍ਰਿਥੀਪਾਲ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ ਅਤੇ ਵਜੀਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਲਦਾਰ ਬੂਟਿਆਂ ਅਤੇ ਫਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ। ਕਿਸਾਨਾਂ ਨੇ ਕਿਹਾ ਕਿ ਬਾਗਬਾਨੀ ਇਕ ਲੰਬੇ ਸਮੇਂ ਦਾ ਨਿਵੇਸ਼ ਹੈ ਅਤੇ ਇਸ ਤਰ੍ਹਾਂ ਦੇ ਨੁਕਸਾਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ’ਤੇ ਗੰਭੀਰ ਅਸਰ ਪੈਂਦਾ ਹੈ। ਕਿਸਾਨਾਂ ਨੇ ਸਰਕਾਰ ਅਤੇ ਬਾਗਬਾਨੀ ਵਿਭਾਗ ਤੋਂ ਜਲਦ ਸਰਵ੍ਹੇ ਕਰਵਾ ਕੇ ਰਾਹਤ ਰਾਸ਼ੀ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।
ਕੀ ਕਹਿੰਦੇ ਹਨ ਇਸ ਸੰਬੰਧੀ ਬਾਗਬਾਨੀ ਦੇ ਡਿਊਟੀ ਡਾਇਰੈਕਟਰ- ਜਦ ਉਪਰੋਕਤ ਵਿਸ਼ੇ ਸੰਬੰਧੀ ਜਿਲ੍ਹਾ ਤਰਨ ਤਾਰਨ ਤੋਂ ਬਾਗਵਾਨੀ ਦੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਸੰਬੰਧੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਬਾਗਬਾਨੀ ਕਾਸ਼ਤਕਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।
ਪਿਛਲੀ ਖ਼ਬਰ ਭੂਪਿੰਦਰ ਸਿੰਘ ਭਿੰਦਾ ਫਤਿਆਬਾਦ ਨੂੰ ਬੀ. ਸੀ. ਵਿੰਗ ਦਾ ਪ੍ਰਧਾਨ ਬਣਾਇਆ ਅਗਲੀ ਖ਼ਬਰ ਮਹਿਲ ਸਿੰਘ ਮੱਲੀ ਨੂੰ ਯੂਥ ਵਿੰਗ ਦਾ ਪ੍ਰਧਾਨ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।