28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਕਾਲ ਅਕੈਡਮੀ ਢੋਟੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 31-05-2026
ਨੌਸ਼ਿਹਰਾ ਪੰਨੂੰਆ, 30 ਮਈ (ਦੀਪਕ ਮੈਣੀ)-ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸ਼ਹੀਦੀ ਪੁਰਬ ਨੂੰ ਸਮਰਪਿਤ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਵਿਖੇ ਇਕ ਆਤਮਿਕ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਥਾਨਕ ਸੰਗਤ ਦੀ ਹਾਜ਼ਰੀ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਕਵਿਤਾਵਾਂ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮੂਹ ਸੰਗਤ ਨੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦਿਆਂ ਅਰਦਾਸ ਵਿਚ ਭਾਗ ਲਿਆ। ਇਸ ਤੋਂ ਬਾਅਦ ਪਵਿੱਤਰ ਦੇਗ ਵਰਤਾਈ ਗਈ। ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅਕਾਲ ਪਰਿਵਾਰ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਜਲ ਸੇਵਾ ਵਿਚ ਹਿੱਸਾ ਲੈਂਦਿਆਂ ਸੇਵਾ, ਨਿਮਰਤਾ ਅਤੇ ਮਨੁੱਖਤਾ ਦੇ ਗੁਰਮਤਿ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਅਕੈਡਮੀ ਵਲੋਂ ਵਾਤਾਵਰਨ ਸੰਭਾਲ ਅਤੇ ਜੀਵ-ਜੰਤੂਆਂ ਪ੍ਰਤੀ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪੰਛੀਆਂ ਲਈ ਮਿੱਟੀ ਦੇ ਘੜਿਆਂ ਦੀ ਵੰਡ ਵੀ ਕੀਤੀ ਗਈ। ਇਹ ਘੜੇ ਵਿਦਿਆਰਥੀਆਂ ਤੇ ਸਥਾਨਕ ਨਿਵਾਸੀਆਂ ਨੂੰ ਦਿੱਤੇ ਗਏ ਤਾਂ ਜੋ ਉਹ ਆਪਣੇ ਘਰਾਂ ਤੇ ਛੱਤਾਂ ‘ਤੇ ਪੰਛੀਆਂ ਲਈ ਪਾਣੀ ਦੀ ਸੁਵਿਧਾ ਮੁਹੱਈਆ ਕਰਵਾ ਸਕਣ। ਅਕੈਡਮੀ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਸਾਨੂੰ ਧੀਰਜ, ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਣਾ ਦਿੰਦੀ ਹੈ।
ਪਿਛਲੀ ਖ਼ਬਰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਜਾਗਰੂਕਤਾ ਦਿਵਸ ਮਨਾਇਆ ਅਗਲੀ ਖ਼ਬਰ ਮੀਂਹ ਦੇ ਬਾਵਜੂਦ ਖੰਡ ਮਿਲ ਸ਼ੇਰੋਂ ’ਚ ਲੱਗਾ ਪੱਕਾ ਮੋਰਚਾ ਦਸਵੇਂ ਦਿਨ ਵੀ ਜਾਰੀ ਰਿਹਾ-ਐਸ. ਕੇ. ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।