29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਰਹੱਦੀ ਸ਼ਹਿਰ ਖੇਮਕਰਨ 'ਚ ਕੂੜਾ ਸੁੱਟਣ ਦੀ ਜਗ੍ਹਾ ਨਾ ਹੋਣ ਕਰਕੇ ਥਾਂ-ਥਾਂ ਲੱਗੇ ਕੂੜੇ ਦੇ ਢੇਰ

ਗੰਦੇ ਪਾਣੀ ਦੇ ਨਿਕਾਸ ਲਈ ਬਣੇ ਰਹੇ ਟ੍ਰੀਟਮੈਂਟ ਪਲਾਂਟ ਦਾ ਦਿ੍ਸ਼ | ਤਸਵੀਰਾਂ:ਬਿੱਲਾ <br/> ਕੂੜੇ ਤੋਂ ਖਾਦ ਬਣਾਉਣ ਲਈ ਲਗਾਈ ਗਈ ਮਸ਼ੀਨ ਖਸਤਾ ਹਾਲਤ ਵਿਚ | <br/> 08-04-2026
ਖੇਮਕਰਨ, 7 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਕਸਬਾ ਖੇਮਕਰਨ ਜਿਹੜਾ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਸਫਾਈ ਪੱਖੋ ਨਮੂਨੇ ਦਾ ਸ਼ਹਿਰ ਅਖਵਾਉਂਦਾ ਸੀ | ਦੀਵੀਆਂ ਦੀ ਲੋਹ ਨਾਲ ਰਾਤ ਵੇਲੇ ਰੁਸ਼ਨਾਉਂਦਾ ਨਜ਼ਰ ਆਉਂਦਾ ਸੀ ਤੇ ਸੱਤ ਦਰਵਾਜ਼ਿਆਂ 'ਚ ਬੰਦ ਇਹ ਕਸਬਾ ਜ਼ਿਲ੍ਹਾ ਲਾਹੌਰ ਦੇ ਬਿਹਤਰੀਨ ਕਸਬਿਆਂ 'ਚ ਗਿਣਿਆ ਜਾਂਦਾ ਸੀ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹੀ ਨਜ਼ਰ ਲੱਗੀ ਕਿ ਅਨੇਕਾਂ ਵਾਰ ਉੱਜੜ ਕੇ ਵੱਸਦਾ ਆ ਰਿਹਾ ਇਹ ਸ਼ਹਿਰ ਅੱਜ ਵਿਕਾਸ ਪੱਖੋਂੋ ਪਛੜ ਚੁੱਕਾ ਹੈ | ਪੁਰਾਣੇ ਬਜ਼ੁਰਗਾਂ ਅਨੁਸਾਰ ਚਿੱਟੇ ਦਿਨ ਵਾਂਗ ਲਿਸ਼ਕਦਾ ਨਜ਼ਰ ਆਉਂਦਾ ਇਹ ਸ਼ਹਿਰ ਅੱਜ ਸ਼ਹਿਰ ਵਾਸੀਆਂ ਵਲੋੋਂ ਫੈਲਾਈ ਜਾ ਰਹੀ ਗੰਦਗੀ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਰਕੇ ਗੰਦਗੀ ਦਾ ਘਰ ਬਣਿਆ ਨਜ਼ਰ ਆ ਰਿਹਾ ਹੈ | ਇਸ ਸ਼ਹਿਰ ਦੀ ਬੜੇ ਸਮੇਂ ਤੋਂ ਮੁਸ਼ਕਿਲ ਗੰਦੇ ਪਾਣੀ ਦਾ ਯੋਗ ਨਿਕਾਸ ਤੇ ਕੂੜੇ ਨੂੰ ਨਾ ਸਮੇਟਣਾ ਮੁੱਖ ਮੁਸ਼ਕਿਲ ਚੱਲੀ ਆ ਰਹੀ ਹੈ | ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਪਏ ਹੋਏ ਹਨ, ਪਰ ਕੂੜਾ ਸਮੇਟਣ ਦਾ ਕੋਈ ਬਦਲ ਨਹੀਂ ਹੈ, ਜਿਸ ਕਰਕੇ ਕੂੜਾ ਸੜਕਾਂ ਦੇ ਕਿਨਾਰੇ ਤੇ ਸਰਕਾਰੀ ਬਚੀਆਂ ਥਾਵਾਂ ਦਾ ਸ਼ਿਗਾਰ ਨਜ਼ਰ ਆ ਰਿਹਾ ਹੈ | ਪਿਛਲੇ ਸਮੇਂ ਸਰਕਾਰਾਂ ਨੇ ਸ਼ਹਿਰ 'ਚ ਸੀਵਰੇਜ ਕੁਝ ਵਿਛਾਇਆ ਪਰ ਅੱਜ ਮਹਿਕਮੇ ਦੀ ਅਣਗਹਿਲੀ ਕਰਕੇ ਸੀਵਰੇਜ ਸਹੀ ਕੰਮ ਕਰ ਨਹੀਂ ਰਿਹਾ | ਗੰਦੇ ਪਾਣੀ ਦਾ ਨਿਕਾਸ ਨਾਲੋੋਂ ਨਾਲ ਸੰਭਵ ਨਹੀਂ ਹੋ ਰਿਹਾ | ਛੱਪੜ ਨੱਕੋਂ-ਨੱਕ ਭਰੇ ਹੋਣ ਕਰਕੇ ਨਜ਼ਦੀਕੀ ਬਸਤੀਆਂ 'ਚ ਗੰਦਾ ਪਾਣੀ ਵੜ ਰਿਹਾ ਹੈ, ਜਿਸ ਕਾਰਨ ਛੱਪੜਾਂ ਨਜ਼ਦੀਕ ਵਾਲੀ ਆਬਾਦੀ ਬਹੁਤ ਪ੍ਰੇਸ਼ਾਨ ਹੈ | ਰੇਲਵੇ ਸਟੇਸ਼ਨ ਨਜ਼ਦੀਕ ਛੱਪੜ ਦੀ ਸਥਿਤੀ ਖ਼ਤਰਨਾਕ ਬਣੀ ਹੋਈ ਹੈ, ਜਿੱਥੇ ਗੰਦਾ ਪਾਣੀ ਨਾਲ ਆਬਾਦੀ ਪ੍ਰਭਾਵਿਤ ਹੈ, ਉੱਥੇ ਰੇਲਵੇ ਟਰੈਕ ਵੀ ਛੱਪੜ ਦੇ ਗੰਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ | ਰੇਲਵੇ ਵਿਭਾਗ ਟਰੈਕ 'ਤੇ ਚੱਲ ਰਹੀ ਡੀ.ਐੱਮ.ਯੂ. ਗੱਡੀ ਬੰਦ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ | ਜੇਕਰ ਰੇਲ ਸੇਵਾ ਪ੍ਰਭਾਵਿਤ ਹੋਈ ਤਾਂ ਸਾਰਾ ਇਲਾਕਾ ਰੇਲ ਸੇਵਾ ਤੋਂ ਮਹਿਰੂਮ ਹੋ ਜਾਣ ਦਾ ਡਰ ਲੋਕਾਂ ਨੂੰ ਸਤਾਉਣ ਵੀ ਲੱਗ ਪਿਆ ਹੈ | ਗੰਦੇ ਪਾਣੀ ਨੂੰ ਟ੍ਰੀਟ ਕਰਨ ਲਈ ਕਰੋੜਾਂ ਦੀ ਲਾਗਤ ਵਾਲਾ ਟ੍ਰੀਟਮੈਟ ਪਲਾਂਟ ਵੀ ਅਜੇ ਤੱਕ ਉਸਾਰੀ ਅਧੀਨ ਹੈ | ਨਗਰ ਪੰਚਾਇਤ ਖੇਮਕਰਨ ਵਲੋੋਂ ਪਿਛਲੇ ਸਮੇਂ ਸ਼ਹਿਰਾਂ 'ਚ ਚੱਲ ਰਹੀ ਕੂੜਾ ਤੋੋਂ ਖਾਦ ਬਣਾਉਣ ਦੀ ਤਕਨੀਕ ਨੂੰ ਅਪਨਾਉਂਦੇ ਹੋਏ ਲੱਖਾਂ ਰੁਪਏ ਦੀ ਮਸ਼ੀਨਰੀ ਲਿਆਂਦੀ ਸੀ, ਜਿਸ ਨੂੰ ਬੱਸ ਅੱਡੇ ਨਜ਼ਦੀਕ ਪਈ ਸਰਕਾਰੀ ਜਗ੍ਹਾ 'ਤੇ ਰੱਖਿਆ ਗਿਆ, ਜਿੱਥੇ ਕੂੜੇ ਦੇ ਢੇਰ ਬਹੁਤ ਵੱਡੇ ਹੁੰਦੇ ਜਾ ਰਹੇ ਹਨ, ਜਿਹੜਾ ਨਜ਼ਦੀਕੀ ਵਸੋਂ ਲਈ ਸ਼ਰਾਪ ਬਣ ਚੁੱਕਾ ਹੈ ਪਰ ਅਫਸੋਸ ਲੱਖਾਂ ਦੀ ਮਸ਼ੀਨਰੀ ਗਲ ਸੜ ਰਹੀ ਹੈ, ਮਹਿਕਮੇ ਵਲੋਂ ਵਰਤੀ ਨਹੀਂ ਜਾ ਰਹੀ | ਕੂੜੇ ਤੋਂ ਖਾਦ ਬਣਾਉਣ ਵਾਲਾ ਪ੍ਰਾਜੈਕਟ ਵੀ ਬੰਦ ਕਰਕੇ ਖੰਡਰ ਬਣ ਗਿਆ ਹੈ | ਸ਼ਹਿਰ ਨਿਵਾਸੀ ਵਾਰ-ਵਾਰ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੂੰ ਪੁੱਛਦੇ ਹਨ ਪਰ ਜਵਾਬ ਹੈ ਕਿ ਸੰਬੰਧਿਤ ਸਟਾਫ ਨਹੀਂ ਹੈ, ਜਿਸ ਕਰਕੇ ਕੂੜਾ ਸ਼ਹਿਰ ਲਈ ਨਰਕ ਬਣਦਾ ਜਾ ਰਿਹਾ ਹੈ | ਇਸ ਦੇ ਨਾਲ ਹੀ ਨਗਰ ਪੰਚਾਇੰਤ ਦੀ ਆਮਦਨ ਦਾ ਇਕ ਸ੍ਰੋਤ ਹੱਡਾ-ਰੋੜੀ ਵੀ ਸਾਲਾਂ ਤੋਂ ਬੰਦ ਹੈ, ਹੱਡੋ ਰੋੜੀ ਵਾਲੀ ਜਗ੍ਹਾ ਸ਼ਹਿਰ ਦੀ ਆਬਾਦੀ ਨਜ਼ਦੀਕ ਆ ਗਈ ਹੈ | ਲੋੜ ਹੈ ਕਿ ਜਗ੍ਹਾ ਦਾ ਬਦਲ ਲੱਭ ਕੇ ਨਵੀ ਥਾਂ 'ਤੇ ਹੱਡਾ-ਰੋੜੀ ਬਣਾਈ ਜਾਵੇ |
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਅਗਨੀ ਸੈਨਾ ਦੀ ਹੰਗਾਮੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।