ਤਰਨ ਤਾਰਨ, 26 ਮਾਰਚ (ਹਰਿੰਦਰ ਸਿੰਘ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਮਨਜਿੰਦਰ ਸਿੰਘ ਮੀਤ ਖ਼ਜ਼ਾਨਚੀ ਤੇ ਗੁਰਮੱੁਖ ਸਿੰਘ ਕਾਜੀਕੋਟ ਬਲਾਕ ਪ੍ਰਧਾਨ ਤਰਨ ਤਾਰਨ ਨੇ ਗੱਲਬਾਤ ਦੌਰਾਨ ਕਿਹਾ ਕਿ ਲੋੜਵੰਦ ਵਰਗ ਜੋ ਆਪਣੀ ਜ਼ਿੰਦਗੀ ਜਿਊਣ ਲਈ ਜਿੱਥੇ ਰੋਜ਼ੀ ਰੋਟੀ ਕਮਾਉਣ ਤੋਂ ਵੀ ਅਸਮਰੱਥ ਹੈ, ਉਨ੍ਹਾਂ ਲਈ ਪੰਜਾਬ ਸਰਕਾਰ ਦੇ ਚਾਰ ਸਾਲਾਂ ਕਾਰਗੁਜ਼ਾਰੀ ਕਾਰਡ 'ਚੋਂ ਦਿਵਿਆਂਗ ਵਰਗ ਲਈ ਇਕ ਵੀ ਉਪਲਬਧੀ ਦਰਜ ਨਹੀਂ ਹੈ | ਐਕਸ਼ਨ ਕਮੇਟੀ ਵਲੋਂ ਲਗਾਤਾਰ ਚਾਰ ਸਾਲਾਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਦੌਰਾਨ ਸਿਰਫ਼ ਇਕ ਵਾਰ ਹੀ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਲਈ ਸਮਾਂ ਦਿੱਤਾ ਪ੍ਰੰਤੂ ਉਸਦਾ ਵੀ ਕੋਈ ਫਾਇਦਾ ਨਹੀਂ ਹੋਇਆ | ਅਮਨ ਅਰੋੜਾ ਵਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ, ਐੱਮ.ਸੀਜ, ਸਰਪੰਚਾਂ-ਪੰਚਾਂ ਨੂੰ ਪੰਜਾਬ ਸਰਕਾਰ ਦੇ ਚਾਰ ਸਾਲਾਂ ਰਿਪੋਰਟ ਕਾਰਡ ਦਾ ਘਰ ਘਰ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਜਦੋਂ ਉਪਰੋਕਤ ਵਰਕਰ ਸਾਡੇ ਘਰਾਂ ਵਿਚ ਆਉਣਗੇ ਦਿਵਿਆਂਗ ਵਰਗ ਨੂੰ ਦਿੱਤੀ ਹੋਈ 2500 ਰੁਪਏ ਪੈਨਸ਼ਨ ਦੀ ਚੋਣਾਂ ਵੀ ਗਰੰਟੀ ਤੋਂ ਇਲਾਵਾ ਅੰਗਹੀਣ ਭਲਾਈ ਐਕਟ 2016 ਕਾਨੂੰਨ ਨੂੰ ਲਾਗੂ ਕਰਨ, 4 ਫੀਸਦੀ ਨੌਕਰੀਆਂ ਦਾ ਬੈਕਲਾਗ, ਨੈਸ਼ਨਲ ਤੇ ਇੰਟਰਨੈਸ਼ਨਲ ਪੈਰਾ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ, ਬੱਸ ਸਫ਼ਰ ਮੁਫ਼ਤ, ਅੰਨਤੋਂਧਿਆਂ ਅੰਨ ਯੋਜਨਾ ਤਹਿਤ ਸਮਾਰਟ ਰਾਸ਼ਣ ਕਾਰਡ ਬਣਾਉਣ, ਟੋਲ ਪਲਾਜਿਆਂ ਤੇ ਯੂ.ਡੀ.ਆਈ ਕਾਰਡਾਂ ਨੂੰ ਲੈ ਕੇ ਕਰਿੰਦਿਆਂ ਵਲੋਂ ਬਹਿਸਬਾਜ਼ੀ, ਦਿਵਿਆਂਗਾ ਦੇ ਲਟਕਦੇ ਬਿਜਲੀ ਬਿੱਲ ਮੁਆਫ ਕਰਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਪਹਿਲੀ ਲਿਸਟ ਵਿਚੋਂ ਬਾਹਰ ਰੱਖਣ, 1500 ਰੁਪਏ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਵਰਗੇ ਗੰਭੀਰ 'ਤੇ ਅਹਿਮ ਮੁੱਦਿਆ ਅਤੇ ਘਰ ਘਰ ਪ੍ਰਚਾਰ ਕਰਨ ਵਾਲਿਆਂ ਤੋਂ ਜਵਾਬ ਮੰਗਿਆ ਜਾਵੇ |