15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ

ਅਜੀਤ ਡੈਸਕ 11-07-2026
ਸੁਲਤਾਨਵਿੰਡ, 10 ਜੁਲਾਈ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਵਿਖੇ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ’ ਦੀ ਇਕਾਈ ਵਲੋਂ ਗੁਰਦੁਆਰਾ ਸਾਹਿਬ ਪੱਤੀ ਮਨਸੂਰ ਕੀ ਵਿਖੇ ਇਕ ਹੰਗਾਮੀ ਤੇ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਗਿਆ। ਮੀਟਿੰਗ ਦੀ ਅਗਵਾਈ ਸਾਂਝੇ ਤੌਰ ‘ਤੇ ਜਸਬੀਰ ਸਿੰਘ ਖਡੂਰੀਆ, ਮੇਜਰ ਸਿੰਘ, ਸੂਬੇਦਾਰ ਸੁਖਦੇਵ ਸਿੰਘ ਅਤੇ ਜਸਬੀਰ ਸਿੰਘ ਨੰਬਰਦਾਰ ਵਲੋਂ ਕੀਤੀ ਗਈ। ਉਨ੍ਹਾਂ ਭਾਰਤ-ਅਮਰੀਕਾ ਕਰ-ਮੁਕਤ ਸਮਝੌਤੇ ਅਤੇ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਪਾਲਿਸੀ’ ਨੂੰ ਕਿਸਾਨ-ਮਜ਼ਦੂਰ ਵਿਰੋਧੀ ਦੱਸਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਬਿਜਲੀ ਬੋਰਡ ਦੇ ਨਿੱਜੀਕਰਨ ਅਤੇ ਪ੍ਰੀਪੇਡ ਚਿੱਪ ਵਾਲੇ ਮੀਟਰ ਲਗਾਉਣ ਦੀ ਮਾਰੂ ਨੀਤੀ ਖਿਲਾਫ਼ ਡਟਵਾਂ ਵਿਰੋਧ ਕਰਨ ਦਾ ਅਹਿਦ ਲਿਆ ਗਿਆ। ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਸਰਕਾਰ ਵਲੋਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦੇ ਕੀਤੇ ਗਏ ਵੱਡੇ ਨੁਕਸਾਨ ਦੀ ਸਖ਼ਤ ਨਿੰਦਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ। ਡਾਕਟਰ ਸੁਖਮੀਤ ਸਿੰਘ ਅੰਮ੍ਰਿਤਸਰ ਅਤੇ ਪਰਵਿੰਦਰ ਸਿੰਘ ਭਿੰਡਰ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ‘ਤੇ ਬਣੀ ਫਿਲਮ ‘ਸਤਲੁਜ’ (ਪੰਜਾਬ) ‘ਤੇ ਕੇਂਦਰ ਸਰਕਾਰ ਵਲੋਂ ਲਾਈ ਗਈ ਪਾਬੰਦੀ ਨੂੰ ਬੁਖਲਾਹਟ ਭਰੀ ਅਤੇ ਕੋਝੀ ਹਰਕਤ ਕਰਾਰ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ੋਨ ਬਾਬਾ ਨੋਧ ਸਿੰਘ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਨੂੰ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਲਈ ਬਰਾਬਰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ‘ਦੇਸ਼ ਬਚਾਓ ਮੋਰਚੇ’ ਵਲੋਂ 15 ਜੁਲਾਈ ਨੂੰ ਕੱਢੇ ਜਾ ਰਹੇ ‘ਮੋਟਰਸਾਈਕਲ ਮਾਰਚ’ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਜ਼ੋਰਦਾਰ ਅਪੀਲ ਕੀਤੀ।
ਇਸੇ ਦੌਰਾਨ ਦਵਿੰਦਰ ਸਿੰਘ ਚਾਟੀਵਿੰਡ ਨੇ ਬਿਜਲੀ ਦੇ ਨਿੱਜੀਕਰਨ ਨੂੰ ਕਿਸਾਨ-ਮਜ਼ਦੂਰਾਂ ਲਈ ਮੌਤ ਦੇ ਵਾਰੰਟ ਵਰਗਾ ਦੱਸਿਆ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ 21 ਜੁਲਾਈ ਨੂੰ ਦਿੱਲੀ ਵਿਖੇ ‘ਦੇਸ਼ ਬਚਾਓ ਮੋਰਚੇ’ ਵਿਚ ਇਕ ਦਿਨ ਦੀ ਹਾਜ਼ਰੀ ਲਗਵਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਰੋਸ ਮੀਟਿੰਗ ਵਿਚ ਸੁਲਤਾਨਵਿੰਡ ਦੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਸੁਖਤਾਰ ਸਿੰਘ ਲਾਟੀ, ਸੁਵਿੰਦਰ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਅਤੇ ਪ੍ਰਗਟ ਸਿੰਘ ਸਮੇਤ ਕਈ ਮੋਹਤਬਰ ਆਗੂ ਸ਼ਾਮਲ ਸਨ। ਕਿਸਾਨ ਆਗੂਆਂ ਨੇ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਆਪਣੀਆਂ ਗਲਤ ਪਾਲਿਸੀਆਂ ਵਾਪਸ ਨਾ ਲਈਆਂ, ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੌਤਵਾਲੀ ਖੇਤਰ ’ਚ ਇਕ ਹੋਰ ਨੌਜਵਾਨ ਹੈਰੋਇਨ ਦੇ ਸੂਟੇ ਲਾਉਂਦਾ ਕਾਬੂ ਅਗਲੀ ਖ਼ਬਰ ਸਾਬਕਾ ਸਿਹਤ ਮੰਤਰੀ ਪ੍ਰੋ: ਚਾਵਲਾ ਨੇ ‘ਪੰਜਾਬ ਫਾਇਲ’ ਫਿਲਮ ਬਣਾਉਣ ਲਈ ਕੇਂਦਰ ਸਰਕਾਰ ਨੂੰ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।