09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਨੂੰ ਲੈ ਕੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂਆਂ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 19-06-2026

ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਰਾਮ ਬਾਗ ਅੰਮ੍ਰਿਤਸਰ ਵਿਚ ਬਰਸੀ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕਰਨ ਹਿਤ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ ਦੀ ਅਗਵਾਈ ਵਿਚ ਵਫ਼ਦ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਤੇ ਵਿਚਾਰ ਚਰਚਾ ਦੌਰਾਨ ਬਰਸੀ ਸਮਾਗਮ ਦੀ ਯੋਜਨਾਬੰਦੀ ਬਾਰੇ ਜਥੇਦਾਰ ਗੜਗੱਜ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ 29 ਜੂਨ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸਮਰ ਪੈਲਸ ਸਥਿਤ ਰਾਮ ਬਾਗ਼ (ਕੰਪਨੀ ਬਾਗ਼) ਵਿਖੇ ਸ਼ਾਮ 6.00 ਵਜੇ ਤੋਂ ਰਾਤ 9.00 ਵਜੇ ਤਕ ਸ਼ੇਰ-ਏ-ਪੰਜਾਬ ਦੇ ਬਰਸੀ ਸਮਾਗਮ ਸ਼ਰਧਾ ਸਤਿਕਾਰ ਸਹਿਤ ਕੀਤੇ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਰਤਨੀ ਜਥੇ ਗੁਰਬਾਣੀ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਨਗੇ। ਢਾਡੀ ਜਥੇ ਮਹਾਰਾਜਾ ਦੇ ਜੱਸ ਕੀਰਤੀ ਦੀਆਂ ਵਾਰਾਂ ਸਰਵਣ ਕਰਾਉਣਗੇ ਅਤੇ ਕਵੀਸ਼ਰੀ ਜਥੇ ਖ਼ਾਲਸਾ ਰਾਜ ਦੀਆਂ ਬਰਕਤਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਾਉਣਗੇ। ਜਥੇਦਾਰ ਨੇ ਵੱਧ ਤੋਂ ਵੱਧ ਸੰਗਤਾਂ ਨੂੰ ਸਮਾਗਮ ਵਿਚ ਹਾਜ਼ਰੀਆਂ ਭਰਨ ਲਈ ਸੱਦਾ ਦਿੱਤਾ। ਪ੍ਰਿੰ: ਅਣਖੀ ਨੇ ਦੱਸਿਆ ਕਿ ਜਥੇਦਾਰ ਗੜਗੱਜ ਤੋਂ ਇਲਾਵਾ ਹੋਰ ਪ੍ਰਸਿੱਧ ਪੰਥਕ ਵਿਦਵਾਨ ਆਪਣੇ ਵਖਿਆਨਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸੁਨਿਹਰੀ ਯਾਦਾਂ ਤਾਜ਼ਾ ਕਰਦਿਆਂ ਮਹਾਰਾਜਾ ਦੇ ਧਰਮ ਨਿਰਪੱਖ, ਵਿੱਦਿਅਕ ਪਸਾਰੇ, ਸਰਬ ਸਾਂਝੀਵਾਲਤਾ ਅਤੇ ਆਰਥਿਕ ਖੁਸ਼ਹਾਲੀ ਵਾਲੇ ਰਾਜ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਜਥੇਦਾਰ ਗੜਗੱਜ ਦੇ ਸਹਾਇਕ ਤੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।