11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਦਾ ਸ੍ਰੀ ਦਰਬਾਰ ਸਾਹਿਬ ਸਮੇਤ ਦੇਸ਼-ਵਿਦੇਸ਼ ’ਚ ਸ਼ਰਧਾ ਸਹਿਤ ਮਨਾਇਆ ਗਿਆ 420ਵਾਂ ਸ਼ਹੀਦੀ ਪੁਰਬ

ਅਜੀਤ ਡੈਸਕ 19-06-2026

ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ ਤੇ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਪੁਰਬ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰਾਮਸਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਅਥਾਹ ਸ਼ਰਧਾ, ਸਤਿਕਾਰ ਨਾਲ ਮਨਾਇਆ ਗਿਆ। ਅੱਜ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਰਾਮਸਰ ਸਾਹਿਬ ਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋਣ ਪੁੱਜੀਆਂ। ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸਥਿਤ ਚਾਰੇ ਛਬੀਲਾਂ ‘ਤੇ ਅੰਮ੍ਰਿਤ ਵੇਲੇ ਤੋਂ ਹੀ ਠੰਢੇ ਮਿੱਠੇ ਜਲ ਤਿਆਰ ਕਰਕੇ ਦਰਸ਼ਨ ਕਰਨ ਪੁੱਜੀਆਂ ਸੰਗਤਾਂ ਨੂੰ ਛਕਾਏ ਗਏ ਤੇ ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਛਬੀਲ ‘ਤੇ ਜਲ ਵਰਤਾਉਣ ਦੀ ਸੇਵਾ ਨਿਭਾਈ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਰਮਜੀਤ ਸਿੰਘ ਤੇ ਭਾਈ ਬਲਰਾਜ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਗਾਇਣ ਕੀਤਾ ਗਿਆ। ਅਰਦਾਸ ਉਪਰੰਤ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਤਿਹਾਸ ਸੰਬੰਧੀ ਕਥਾ ਵਿਚਾਰ ਸਰਵਨ ਕਰਾਏ। ਇਸ ਗੁਰਮਤਿ ਸਮਾਗਮ ਦੌਰਾਨ ਕਥਾਵਾਚਕ ਭਾਈ ਵਿਸ਼ਾਲ ਸਿੰਘ ਤੇ ਹਜ਼ੂਰੀ ਰਾਗੀ ਜਥਿਆਂ ਵਲੋਂ ਗੁਰਬਾਣੀ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਢਾਡੀ, ਕਵੀਸ਼ਰ ਤੇ ਪ੍ਰਚਾਰਕ ਸਿੰਘਾਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਸਰਵਨ ਕਰਵਾਇਆ। ਗੁਰਦੁਆਰਾ ਰਾਮਸਰ ਸਾਹਿਬ ਦੇ ਅੰਦਰ 1904 ਤੋਂ ਚੱਲ ਰਹੀ ਕੌਲਿਆਂ ਵਾਲੀ ਛਬੀਲ ਤੋਂ ਇਲਾਵਾ ਬਾਹਰ ਦੇ ਬਾਜ਼ਾਰਾਂ ਵਿਚ ਵੀ ਸਾਰਾ ਦਿਨ ਛਬੀਲਾਂ ਲਗਾਈਆਂ ਗਈਆਂ ਤੇ ਦੁੱਧ ਸੋਡਾ, ਜਲ ਜੀਰਾ, ਫ਼ਲਾਂ ਤੇ ਹੋਰ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਤੇ ਜਤਿੰਦਰਪਾਲ ਸਿੰਘ, ਵਧੀਕ ਮੈਨੇਜਰ ਗੁਰਿੰਦਰ ਸਿੰਘ ਦੇਵੀਦਾਸਪੁਰਾ, ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਬਲਵੰਤ ਸਿੰਘ ਐਨੋਕੋਟ ਸਮੇਤ ਹੋਰ ਪ੍ਰਬੰਧਕ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਵਾਰ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਤੇ ਪਾਕਿ �ਕਾਫ ਬੋਰਡ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਸ਼ਹੀਦੀ ਪੁਰਬ ਮਨਾਏ ਜਾਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੋਧੇ ਹੋਏ ਕੈਲੰਡਰ ਅਨੁਸਾਰ ਅੱਜ 18 ਜੂਨ ਨੂੰ ਵੀ ਸ਼ਹੀਦੀ ਪੁਰਬ ਮਨਾਇਆ ਗਿਆ, ਜਿਸ ਵਿਚ ਭਾਰਤ ਤੋਂ ਲੰਬੇ ਅਰਸੇ ਬਾਅਦ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਤੋਂ ਇਲਾਵਾ ਪਾਕਿਸਤਾਨ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸ਼ਿਰਕਤ ਕੀਤੀ।

ਪਿਛਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਬੇਨਕਾਬ, 8 ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ ‘ਪਰ - ਹੀਣ ਪਰਿੰਦੇ’ ਪ੍ਰਦੇਸ਼ਾਂ ਵਿਚ ਬੁਢਾਪੇ ਦਾ ਸ਼ੀਸ਼ਾ-ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।