28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ 'ਤੇ ਅਗਲੇ ਹਫ਼ਤੇ ਸ਼ੁਰੂ ਹੋਵੇਗਾ ਨਿਰਮਾਣ ਕਾਰਜ-ਡਾ. ਅਜੇ ਗੁਪਤਾ <br/>

ਨਿਗਮ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਡਾ. ਅਜੇ ਗੁਪਤਾ | ਤਸਵੀਰ : ਨਿਰਮਲ ਸਟੂਡੀਓ <br/> 10-05-2026
ਅੰਮਿ੍ਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਡਾ. ਅਜੇ ਗੁਪਤਾ ਨੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਨਿਗਮ ਅਧਿਕਾਰੀਆਂ ਨਾਲ ਹਲਕੇ ਵਿਚ ਵਿਕਾਸ ਪ੍ਰੋਜੈਕਟਾਂ ਸਬੰਧੀ ਮੀਟਿੰਗ ਕੀਤੀ, ਜਿਸ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਡਾ. ਗੁਪਤਾ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ 'ਤੇ ਨਿਰਮਾਣ ਕਾਰਜ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗਾ, ਜਿਸ 'ਚ ਇਨ੍ਹਾਂ ਚਾਰ ਸੜਕਾਂ ਨੂੰ ਪੂਰੀ ਤਰ੍ਹਾਂ ਨਵੀਨੀਕਰਨ ਅਤੇ ਵਿਰਾਸਤੀ ਦਿੱਖ ਦੇ ਨਾਲ ਸੁਧਾਰਿਆ ਜਾਵੇਗਾ | ਡਾ. ਅਜੇ ਗੁਪਤਾ ਨੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕੈਰੋਂ ਮਾਰਕੀਟ ਪਾਰਕਿੰਗ ਕੰਪਲੈਕਸ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਰਕਿੰਗ ਦੀ ਸਹੂਲਤ ਹੋ ਸਕੇ | ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਪ੍ਰੋਜੈਕਟ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਲਈ 10 ਕਰੋੜ ਅਤੇ ਰਾਜਾਂ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਲਈ ਲਗਭਗ 23 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਅਗਲੇ ਦਿਨਾਂ 'ਚ ਹੋਰ ਨਿਰਮਾਣ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਲਗਭਗ 4 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ, ਐਮਐਚਓ ਡਾ. ਯੋਗੇਸ਼ ਅਰੋੜਾ, ਸਕੱਤਰ ਸੁਸ਼ਾਂਤ ਭਾਟੀਆ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਐਸਡੀਓ ਅਸ਼ੋਕ ਕੁਮਾਰ, ਐਸਡੀਓ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਅੰਮਿ੍ਤਸਰ 'ਚ ਰੋਸ ਮਾਰਚ ਕੱਢ ਕੇ ਮੁੱਖ ਮੰਤਰੀ ਵਿਰੁੱਧ ਪੁਲਿਸ ਕਮਿਸ਼ਨਰ ਦੇ ਨਾਮ ਸੌਂਪਿਆ ਮੰਗ-ਪੱਤਰ... ਅਗਲੀ ਖ਼ਬਰ ਬੱਸ ਤੇ ਰੇਤ ਨਾਲ ਭਰੇ ਟਿੱਪਰ ਦੀ ਟੱਕਰ 'ਚ ਬੱਸ ਕੰਡਕਟਰ ਦੀ ਮੌਤ, 17 ਸਵਾਰੀਆਂ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।