03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭਿੰਡੀ ਸੈਦਾਂ ਪੁਲਿਸ ਥਾਣਾ ਗ੍ਰਨੇਡ ਹਮਲਾ ਮਾਮਲੇ 'ਚ ਗਿ੍ਫ਼ਤਾਰ ਸਾਰੇ ਦੋਸ਼ੀਆਂ ਨੂੰ ਅਦਾਲਤ ਵਲੋਂ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>

ਅਜੀਤ ਡੈਸਕ 14-04-2026
ਅਜਨਾਲਾ, 13 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਮਾਰਚ ਮਹੀਨੇ ਦੇ ਅਖੀਰਲੇ ਦਿਨਾਂ 'ਚ ਸਰਹੱਦੀ ਥਾਣਾ ਭਿੰਡੀ ਸੈਦਾਂ ਤੇ ਗ੍ਰਨੇਡ ਹਮਲਾ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤੇ ਗਏ 6 ਦੋਸ਼ੀਆਂ ਵਿਚੋਂ 5 ਦੋਸ਼ੀ ਥਾਣਾ ਅਜਨਾਲਾ ਅਧੀਨ ਆਉਂਦੇ ਵੱਖ-ਵੱਖ ਸਰਹੱਦੀ ਪਿੰਡਾਂ ਨਾਲ ਸੰਬੰਧਿਤ ਹਨ ਤੇ ਇਕ ਦੋਸ਼ੀ ਸਰਹੱਦੀ ਕਸਬਾ ਲੋਪੋਕੇ ਦਾ ਰਹਿਣ ਵਾਲਾ ਹੈ | ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਚੰਦ ਰੁਪਈਆਂ ਦੀ ਖ਼ਾਤਰ ਸਰਹੱਦੀ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਪਾਕਿਸਤਾਨ 'ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਚੁੰਗਲ ਵਿਚ ਫਸ ਕੇ ਅਜਿਹੇ ਧਮਾਕੇ ਕਰਨ ਲਈ ਰਾਜ਼ੀ ਹੋ ਜਾਂਦੇ ਹਨ | ਥਾਣਾ ਭਿੰਡੀ ਸੈਦਾਂ ਵਿਖੇ ਗ੍ਰਨੇਡ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਕਹਾਣੀ ਵੀ ਕੁਝ ਅਜਿਹੀ ਹੀ ਲੱਗ ਰਹੀ ਹੈ, ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਦੋਸ਼ੀਆਂ ਵਲੋਂ 4 ਲੱਖ ਰੁਪਏ ਦੇ ਲਾਲਚ ਵਿਚ ਆ ਕੇ ਥਾਣਾ ਭਿੰਡੀ ਸੈਦਾਂ ਵਿਖੇ ਗ੍ਰਨੇਡ ਹਮਲਾ ਕਰ ਦਿੱਤਾ | ਹਾਲਾਂਕਿ ਅੱਧੀ ਰਾਤ ਦਾ ਸਮਾਂ ਹੋਣ ਕਰਕੇ ਥਾਣੇ 'ਚ ਤਾਇਨਾਤ ਪੁਲਿਸ ਕਰਮਚਾਰੀ ਆਪਣੇ ਕਮਰਿਆਂ ਵਿਚ ਹੀ ਸਨ ਤੇ ਇਨ੍ਹਾਂ ਨੌਜਵਾਨਾਂ ਵਲੋਂ ਸੁੱਟੇ 2 ਗ੍ਰਨੇਡਾਂ ਵਿਚੋਂ ਇਕ ਗ੍ਰਨੇਡ ਥਾਣੇ ਦੀ ਇਮਾਰਤ ਦੇ ਅੰਦਰ ਡਿੱਗਾ ਸੀ ਤੇ ਦੂਸਰਾ ਗ੍ਰਨੇਡ ਥਾਣੇ ਦੀ ਇਮਾਰਤ ਅਤੇ ਚਾਰਦੀਵਾਰੀ ਦੇ ਵਿਚਕਾਰ ਡਿੱਗ ਗਿਆ ਸੀ | ਪਤਾ ਲੱਗਾ ਹੈ ਕਿ ਇਸ ਹਮਲੇ ਮਾਮਲੇ ਵਿਚ ਗਿ੍ਫ਼ਤਾਰ ਬਲਜੀਤ ਸਿੰਘ, ਪ੍ਰਭ ਸਿੰਘ ਅਤੇ ਰਾਜਬੀਰ ਸਿੰਘ ਜੋ ਕਿ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਿੰਡੀ ਸੈਦਾਂ ਆਏ ਸਨ ਤੇ ਉਨ੍ਹਾਂ ਵਿਚੋਂ ਬਲਜੀਤ ਸਿੰਘ ਤੇ ਪ੍ਰਭ ਸਿੰਘ ਵਲੋਂ 29-30 ਮਾਰਚ ਦੀ ਦਰਮਿਆਨੀ ਰਾਤ ਨੂੰ ਕਰੀਬ 1:30 ਵਜੇ ਥਾਣਾ ਭਿੰਡੀ ਸੈਦਾਂ 'ਤੇ 2 ਗ੍ਰਨੇਡ ਸੁੱਟੇ ਸਨ ਅਤੇ ਰਾਜਬੀਰ ਸਿੰਘ ਵਲੋਂ ਦੋਵਾਂ ਦੀ ਗ੍ਰਨੇਡ ਸੁੱਟਣ ਸਮੇਂ ਦੀ ਵੀਡੀਓ ਬਣਾਈ ਗਈ ਸੀ | ਸੁਖਪ੍ਰੀਤ ਸਿੰਘ ਵਲੋਂ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਨੂੰ ਮੋਟਰਸਾਈਕਲ ਮੁਹੱਈਆ ਕਰਵਾਇਆ ਗਿਆ ਸੀ ਤੇ ਸਾਹਿਬ ਸਿੰਘ ਤੇ ਅਜੈਦੀਪ ਸਿੰਘ ਵਲੋਂ ਵੀ ਇਨ੍ਹਾਂ ਦੀ ਮਦਦ ਕੀਤੀ ਗਈ ਸੀ | 4 ਲੱਖ ਰੁਪਏ ਦੇ ਲਾਲਚ ਵਿਚ ਆ ਕੇ ਇਨ੍ਹਾਂ ਨੌਜਵਾਨਾਂ ਵਲੋਂ ਥਾਣਾ ਭਿੰਡੀ ਸੈਦਾਂ 'ਤੇ ਗ੍ਰਨੇਡ ਹਮਲਾ ਕੀਤਾ ਸੀ |
ਗ੍ਰਨੇਡ ਹਮਲੇ ਮਾਮਲੇ 'ਚ ਗਿ੍ਫ਼ਤਾਰ ਕੀਤੇ 6 ਨੌਜਵਾਨਾਂ ਨੂੰ ਅਦਾਲਤ ਵਲੋਂ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਥਾਣਾ ਭਿੰਡੀ ਸੈਦਾਂ ਗ੍ਰਨੇਡ ਹਮਲੇ ਮਾਮਲੇ ਵਿਚ ਗਿ੍ਫ਼ਤਾਰ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਲੋਂ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪੁਲਿਸ ਵਲੋਂ ਥਾਣਾ ਭਿੰਡੀ ਸੈਦਾਂ ਗ੍ਰਨੇਡ ਹਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਤੇ ਜਾਂਚ ਦੌਰਾਨ ਇਸ ਹਮਲੇ ਨੂੰ ਅੰਜਾਮ ਦੇਣ ਦੇ ਦੋਸ਼ 'ਚ 6 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਬੀਤੇ ਕੱਲ੍ਹ ਪੁਲਿਸ ਵਲੋਂ 2 ਪਿਸਟਲਾਂ ਸਮੇਤ ਕਾਬੂ ਕੀਤੇ ਬਲਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਚੱਕਡੋਗਰਾਂ, ਪ੍ਰਭ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਚੱਕਡੋਗਰਾਂ, ਰਾਜਬੀਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਆਬਾਦੀ ਬਾਬਾ ਗੱਮਚੁੱਕ (ਬਲੜ੍ਹਵਾਲ) ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਲੋਂ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ | ਇਸ ਤੋਂ ਇਲਾਵਾ ਪੁਲਿਸ ਵਲੋਂ ਇਸੇ ਕੇਸ 'ਚ ਗਿ੍ਫ਼ਤਾਰ ਕੀਤੇ 3 ਹੋਰ ਦੋਸ਼ੀਆਂ ਅਜੈਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲੋਪੋਕੇ ਕਾਲੋਨੀਆਂ, ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਸੁਖਦੇਵ ਸਿੰਘ ਵਾਸੀ ਤੇੜਾ ਰਾਜਪੂਤਾਂ ਅਤੇ ਸਾਹਿਬ ਸਿੰਘ ਉਰਫ਼ ਸਾਬਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਾਰੰਗਦੇਵ ਨੂੰ ਅੱਜ ਬਾਅਦ ਦੁਪਹਿਰ ਅਜਨਾਲਾ ਸਥਿਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਿੰਨਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਹਲਕੇ ਵਾਰ ਹੋ ਰਹੀਆਂ ਰੈਲੀਆਂ 'ਚ ਲੋਕਾਂ ਦੇ ਵੱਡੇ ਰਿਕਾਰਡਤੋੜ ਇਕੱਠਾਂ ਨੇ 2027 ਅਕਾਲੀ ਦਲ ਦੀ ਸਰਕਾਰ ਬਣਨ ਦਾ ਦਿੱਤਾ ਸ... ਅਗਲੀ ਖ਼ਬਰ ਸ਼ਮਸ਼ੇਰ ਸਿੰਘ ਔਲਖ ਚੋਗਾਵਾਂ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।