ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ (ਪੁਰਾਣਾ ਨਾਂਅ ਲਾਇਲਪੁਰ) ਦੀ ਬਟਾਲਾ ਕਾਲੋਨੀ ਵਿਖੇ ਰਹਿੰਦੀ ਮਨਮੀਤ ਕੌਰ ਪਤਨੀ ਸਵ. ਚਰਨ ਸਿੰਘ ਚੰਨੀ ਦੀ ਆਬਾਦੀ ਵਾਰਿਸਪੁਰਾ ਦੇ ਸੈਂਟ ਕੈਥਰਿਨ ਗਰਲਜ਼ ਹਾਈ ਸਕੂਲ 'ਚ ਪੜ੍ਹਦੀ ਧੀ ਸਤਨਾਮ ਕੌਰ ਦੀ ਸਕੂਲ ਪ੍ਰਬੰਧਕਾਂ ਦੁਆਰਾ ਕੇਸਕੀ ਉਤਰਵਾਉਣ ਦਾ ਮਾਮਲਾ ਸੰਬੰਧਿਤ ਪੁਲਿਸ ਥਾਣੇ 'ਚ ਪਹੁੰਚ ਚੁੱਕਿਆ ਹੈ | ਫੈਸਲਾਬਾਦ ਤੋਂ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆਂ ਮਨਮੀਤ ਕੌਰ ਨੇ ਦੱਸਿਆ ਕਿ 'ਅਜੀਤ' ਵਲੋਂ 20 ਮਾਰਚ ਨੂੰ ਪ੍ਰਮੁੱਖਤਾ ਨਾਲ ਉਕਤ ਮਾਮਲਾ ਜਨਤਕ ਕਰਨ ਉਪਰੰਤ ਬੀਤੀ ਦੇਰ ਸ਼ਾਮ ਬਟਾਲਾ ਕਾਲੋਨੀ ਪੁਲਿਸ ਥਾਣੇ ਦਾ ਐੱਸ. ਐੱਚ. ਓ. ਅਤੇ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ ਦੀ ਕਟਿੰਗ ਲੈ ਕੇ ਉਸ ਦੇ ਘਰ ਪਹੁੰਚੇ | ਉਨ੍ਹਾਂ ਵਲੋਂ ਪਹਿਲਾਂ ਮਨਮੀਤ ਕੌਰ 'ਤੇ ਦਬਾਅ ਪਾ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਧੀ ਸਤਨਾਮ ਕੌਰ ਵਲੋਂ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਮਨਮੀਤ ਕੌਰ ਨੇ ਦਾਅਵਾ ਕੀਤਾ ਕਿ ਸਤਨਾਮ ਕੌਰ ਦੀ ਕੇਸਕੀ ਉਤਰਵਾਉਣ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸੈਂਟ ਕੈਥਰਿਨ ਗਰਲਜ਼ ਹਾਈ ਸਕੂਲ ਦੇ ਪ੍ਰਬੰਧਕਾਂ ਵਲੋਂ ਮਾਮਲਾ ਵਾਪਸ ਲੈਣ ਲਈ ਲਗਾਤਾਰ ਉਸ ਨੂੰ ਧਮਕਾਇਆ ਜਾ ਰਿਹਾ ਹੈ | ਸਤਨਾਮ ਕੌਰ ਨੇ ਬਟਾਲਾ ਕਾਲੋਨੀ ਦੀ ਪੁਲਿਸ ਨੂੰ ਦੱਸਿਆ ਕਿ ਮਸੀਹੀ ਪ੍ਰਾਰਥਨਾ ਕਰਨ ਤੋਂ ਮਨ੍ਹਾ ਕਰਨ 'ਤੇ ਸਕੂਲ ਪ੍ਰਬੰਧਕਾਂ ਵਲੋਂ ਉਸ ਦੇ ਢਿੱਡ 'ਚ ਠੁੱਡੇ ਵੀ ਮਾਰੇ ਗਏ ਸਨ | ਮਨਮੀਤ ਕੌਰ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ; ਸਤਨਾਮ ਕੌਰ, ਅਸ਼ਮੀਤ ਕੌਰ, ਸੁਖਮਨੀ ਕੌਰ, ਸਿਮਰਨ ਕੌਰ ਅਤੇ ਇਕ ਪੁੱਤਰ ਜੁਝਾਰ ਸਿੰਘ ਹੈ | ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਵਲੋਂ ਆਪਣੀ ਧੀ ਨਾਲ ਸਕੂਲ 'ਚ ਹੋਈ ਬਦਸਲੂਕੀ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਪਾਕਿ ਦਾ ਕੋਈ ਵੀ ਸਿੱਖ ਆਗੂ ਅਜੇ ਤੱਕ ਮਦਦ ਲਈ ਅੱਗੇ ਨਹੀਂ ਆਇਆ ਹੈ |