ਅਜੀਤ, ਜਲੰਧਰ
ਗੋਖਲੇ ਹਾਲ ’ਚ ਗੂੰਜਿਆ ਤੀਆਂ ਦਾ ਮੇਲਾ, ਸੈਂਕੜੇ ਔਰਤਾਂ ਨੇ ਪਾਈਆਂ ਪੰਜਾਬੀ ਸੱਭਿਆਚਾਰ ਦੀਆਂ ਧੁੰਮਾਂ
* ਚਾਰ ਮਹਿਲਾ ਉਦਮੀਆਂ ਦਾ ‘ਵੂਮੈਨ ਐਂਟਰਪ੍ਰੈਨਿਓਰ ਐਵਾਰਡ’ ਨਾਲ ਸਨਮਾਨ * ਕਾਜਲ ਬਣੀ ‘ਤੀਜ ਕੁਈਨ’
ਫ਼ਿਰੋਜ਼ਪੁਰ, 9 ਅਗਸਤ (ਸੁਖਵਿੰਦਰ ਸਿੰਘ)- ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਗੋਖਲੇ ਹਾਲ ਫਿਰੋਜ਼ਪੁਰ ਵਿਖੇ ਤੀਆਂ ਦਾ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਭਾਜਪਾ ਦੇ ਯੁਵਾ ਆਗੂ ਅਭਿਸ਼ੇਕ ਧਵਨ ਵਲੋਂ ਕਰਵਾਏ ਇਸ ਸਮਾਗਮ ਵਿਚ ਸੈਂਕੜੇ ਔਰਤਾਂ ਨੇ ਸ਼ਿਰਕਤ ਕਰਦਿਆਂ ਸਾਉਣ ਦੇ ਗੀਤਾਂ, ਗਿੱਧੇ, ਨਾਚ, ਖੇਡ ਮੁਕਾਬਲਿਆਂ, ਤੰਬੋਲਾ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ।
ਫ਼ਿਰੋਜ਼ਪੁਰ, 9 ਅਗਸਤ (ਸੁਖਵਿੰਦਰ ਸਿੰਘ)- ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਗੋਖਲੇ ਹਾਲ ਫਿਰੋਜ਼ਪੁਰ ਵਿਖੇ ਤੀਆਂ ਦਾ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਭਾਜਪਾ ਦੇ ਯੁਵਾ ਆਗੂ ਅਭਿਸ਼ੇਕ ਧਵਨ ਵਲੋਂ ਕਰਵਾਏ ਇਸ ਸਮਾਗਮ ਵਿਚ ਸੈਂਕੜੇ ਔਰਤਾਂ ਨੇ ਸ਼ਿਰਕਤ ਕਰਦਿਆਂ ਸਾਉਣ ਦੇ ਗੀਤਾਂ, ਗਿੱਧੇ, ਨਾਚ, ਖੇਡ ਮੁਕਾਬਲਿਆਂ, ਤੰਬੋਲਾ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ। ਸਮਾਗਮ ਰਾਹੀਂ ਜਿੱਥੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ, ਉੱਥੇ ਨਾਰੀ ਸਸ਼ਕਤੀਕਰਨ ਅਤੇ ਮਹਿਲਾ ਉਦਮਤਾ ਨੂੰ ਉਤਸ਼ਾਹਿਤ ਕਰਨ ਦਾ ਵੀ ਸੰਦੇਸ਼ ਦਿੱਤਾ ਗਿਆ।ਸਮਾਗਮ ਵਿਚ ਸਵਦੇਸ਼ੀ ਜਾਗਰਣ ਮੰਚ ਦੀ ਸੂਬਾਈ ਸੰਯੋਜਕ ਡਾ. ਨੇਹਾ ਸੇਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪ੍ਰਿੰਸੀਪਲ ਆਮਨਾ ਗੁਪਤਾ ਅਤੇ ਪ੍ਰਿੰਸੀਪਲ ਸਪਨਾ ਧਵਨ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਦੋਵਾਂ ਸਿੱਖਿਆ ਸ਼ਾਸਤਰੀਆਂ ਨੇ ਔਰਤਾਂ ਨੂੰ ਆਤਮਨਿਰਭਰ ਬਣਨ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ। ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਾਰ ਮਹਿਲਾ ਉਦਮੀਆਂ ਨੂੰ ‘ਵੂਮੈਨ ਐਂਟਰਪ੍ਰੈਨਿਓਰ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸ਼ੀ ਬੁਟੀਕ ਦੀ ਅਨੂ, ਗਜਿਬੋ ਸੈਲੂਨ ਦੀ ਅੰਜਲੀ ਗਰੋਵਰ, ਰੰਜੂ ਕਰਾਕਰੀ ਦੀ ਰੰਜੂ ਅਤੇ ਲਿਟਲ ਵਿੰਗਜ਼ ਪ੍ਰੀ ਸਕੂਲ ਦੀ ਸ਼ਬਨਮ ਸ਼ਾਮਲ ਰਹੀਆਂ। ਪ੍ਰਬੰਧਕਾਂ ਨੇ ਕਿਹਾ ਕਿ ਮਹਿਲਾਵਾਂ ਦੀ ਮਿਹਨਤ ਅਤੇ ਉਦਮਸ਼ੀਲਤਾ ਨੂੰ ਜਨਤਕ ਤੌਰ ’ਤੇ ਸਨਮਾਨ ਮਿਲਣ ਨਾਲ ਹੋਰ ਔਰਤਾਂ ਨੂੰ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਪ੍ਰੇਰਣਾ ਮਿਲੇਗੀ। ਮੇਲੇ ਦਾ ਖਾਸ ਆਕਰਸ਼ਣ ‘ਤੀਜ ਕੁਈਨ’ ਮੁਕਾਬਲਾ ਰਿਹਾ, ਜਿਸ ਵਿਚ ਕਾਜਲ ਨੂੰ ‘ਤੀਜ ਕੁਈਨ’ ਦਾ ਖਿਤਾਬ ਦਿੱਤਾ ਗਿਆ। ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸ਼ਾਮਲ ਹੋ ਕੇ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਅਭਿਸ਼ੇਕ ਧਵਨ ਨੇ ਕਿਹਾ ਕਿ ਔਰਤਾਂ ਦੇ ਸਨਮਾਨ ਲਈ ਇਹ ਉਨ੍ਹਾਂ ਦਾ ਪਹਿਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਲ-ਨਾਲ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰੋਜ਼ਪੁਰ ਉਨ੍ਹਾਂ ਦੀ ਜਨਮਭੂਮੀ ਹੈ ਅਤੇ ਇਸ ਨੂੰ ਆਪਣੀ ਕਰਮਭੂਮੀ ਬਣਾਉਂਦਿਆਂ ਸ਼ਹਿਰ ਦੀ ਸੇਵਾ ਕਰਨ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਭਵਿੱਖ ਵਿੱਚ ਵੀ ਔਰਤਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ।ਡਾ. ਨੇਹਾ ਸੇਠੀ ਨੇ ਔਰਤਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਸਵਦੇਸ਼ੀ ਅਪਣਾਉਣ ਅਤੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਸਮਾਜ ਅਤੇ ਦੇਸ਼ ਦਾ ਸਰਬਪੱਖੀ ਵਿਕਾਸ ਸੰਭਵ ਨਹੀਂ ਹੈ। ਮੇਲੇ ਦੌਰਾਨ ਔਰਤਾਂ ਲਈ ਖਾਣ-ਪੀਣ ਦੇ ਵੱਖ-ਵੱਖ ਮੁਫ਼ਤ ਸਟਾਲ ਲਗਾਏ ਗਏ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਆਕਰਸ਼ਕ ਸੈਲਫੀ ਪੁਆਇੰਟ ਅਤੇ ਪੰਜਾਬੀ ਸੱਭਿਆਚਾਰ ’ਤੇ ਆਧਾਰਿਤ ਸਜਾਵਟ ਵੀ ਔਰਤਾਂ ਲਈ ਖਿੱਚ ਦਾ ਕੇਂਦਰ ਰਹੀ। ਸਮਾਗਮ ਨੂੰ ਸਫਲ ਬਣਾਉਣ ਵਿਚ ਸਵਦੇਸ਼ੀ ਜਾਗਰਣ ਮੰਚ, ਮਾਨਸ ਸੇਵਾ ਕਮੇਟੀ ਅਤੇ ਏਕਲ ਅਭਿਆਨ ਦੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਪੂਰੇ ਸਮਾਗਮ ਦੌਰਾਨ ਸਾਉਣ ਦੀ ਉਮੰਗ, ਪੰਜਾਬੀ ਸੱਭਿਆਚਾਰ ਅਤੇ ਨਾਰੀ ਸ਼ਕਤੀ ਦਾ ਖੂਬਸੂਰਤ ਸੰਗਮ ਦੇਖਣ ਨੂੰ ਮਿਲਿਆ।