ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਖ਼ੂਨਦਾਨ ਲਈ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਸੋਸਾਇਟੀ ਅਨੁਸਾਰ ਇਨ੍ਹੀਂ ਦਿਨੀਂ ਫ਼ਾਜ਼ਿਲਕਾ ਦੇ ਬਲੱਡ ਬੈਂਕ ਵਿਚ ਸਾਰੇ ਬਲੱਡ ਗਰੁੱਪਾਂ ਦੇ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ। ਗਰਮੀ ਦੇ ਮੌਸਮ ਕਾਰਨ ਖ਼ੂਨ ਦੀ ਮੰਗ ਲਗਾਤਾਰ ਵਧ ਰਹੀ ਹੈ, ਜਦੋਂ ਕਿ ਖ਼ੂਨਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ, ਜਿਸ ਕਾਰਨ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖ਼ੂਨ ਮੁਹੱਈਆ ਕਰਵਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸਾਇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਖ਼ੂਨ ਦੀ ਇਸ ਕਮੀ ਦਾ ਸਭ ਤੋਂ ਵੱਧ ਮਾਰੂ ਅਸਰ ਥੈਲੀਸੀਮੀਆ ਤੋਂ ਪੀੜਤ ਬੱਚਿਆਂ ’ਤੇ ਪੈ ਰਿਹਾ ਹੈ। ਇਨ੍ਹਾਂ ਬੱਚਿਆਂ ਨੂੰ ਨਿਯਮਤ ਤੌਰ ’ਤੇ ਖ਼ੂਨ ਦੀ ਲੋੜ ਹੁੰਦੀ ਹੈ, ਪਰ ਖ਼ੂਨ ਦੀ ਉਪਲਬਧਤਾ ਘੱਟ ਹੋਣ ਕਾਰਨ ਉਨ੍ਹਾਂ ਦੇ ਇਲਾਜ ਵਿਚ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਹਾਦਸਿਆਂ ਦੇ ਸ਼ਿਕਾਰ, ਓਪਰੇਸ਼ਨ, ਜਣੇਪੇ ਅਤੇ ਹੋਰ ਗੰਭੀਰ ਮਰੀਜ਼ਾਂ ਲਈ ਵੀ ਸਮੇਂ ਸਿਰ ਖ਼ੂਨ ਦਾ ਪ੍ਰਬੰਧ ਕਰਨਾ ਇਕ ਵੱਡੀ ਚੁਨੌਤੀ ਬਣ ਗਿਆ ਹੈ। ਇਸੇ ਨੇਕ ਮਕਸਦ ਨੂੰ ਮੁੱਖ ਰੱਖਦਿਆਂ ਅੱਜ 19 ਜੁਲਾਈ ਦਿਨ ਐਤਵਾਰ ਨੂੰ ਟਿਕਾਣਾ ਰੈਸਟੋਰੈਂਟ ਅਬੋਹਰ ਰੋਡ ਫ਼ਾਜ਼ਿਲਕਾ ਵਿਖੇ ਸਵੇਰੇ 8:30 ਵਜੇ ਤੋਂ ਦੁਪਹਿਰ 1 ਵਜੇ ਤੱਕ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵਰਗੀ ਰਾਕੇਸ਼ ਕਾਠਪਾਲ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਸੋਸਾਇਟੀ ਨੇ ਸਮੂਹ ਨੌਜਵਾਨਾਂ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।