11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਆਧੁਨਿਕ ਯੋਗਾ ਦੇ ਨਾਲ ਅਸੀਂ ਯੋਗ ਦੀ ਅਸਲ ਆਤਮਾ ਤੋਂ ਦੂਰ ਹੋ ਰਹੇ ਹਾਂ-ਮਾਨਿਕ ਡੇਮਲਾ

ਅਜੀਤ ਡੈਸਕ 21-06-2026
ਅਬੋਹਰ, 20 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿਚ ਵੱਡੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਪਰ ਮੌਜੂਦਾ ਸਮੇਂ ਆਧੁਨਿਕ ਯੋਗਾ ਦੇ ਨਾਲ ਅਸੀਂ ਯੋਗ ਦੀ ਅਸਲ ਆਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ। ਉਕਤ ਸ਼ਬਦ ਇੰਡੀਅਨ ਯੋਗਾ ਐਸੋਸੀਏਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਐਡਵੋਕੇਟ ਮਾਨਿਕ ਡੇਮਲਾ ਅਬੋਹਰ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ। ਮਾਨਿਕ ਡੇਮਲਾ ਨੇ ਕਿਹਾ ਕਿ ਪਾਰਕਾਂ ਵਿਚ ਹਜ਼ਾਰਾਂ ਲੋਕ ਇਕੱਠੇ ਹੋ ਕੇ ਯੋਗ ਆਸਣ ਕਰਦੇ ਨਜ਼ਰ ਆਉਂਦੇ ਹਨ, ਸੋਸ਼ਲ ਮੀਡੀਆ ’ਤੇ ਯੋਗ ਨਾਲ ਸੰਬੰਧਿਤ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅਤੇ ਸੰਸਾਰ ਭਾਰਤ ਦੀ ਇਸ ਪ੍ਰਾਚੀਨ ਵਿਰਾਸਤ ਨੂੰ ਸਤਿਕਾਰ ਦਿੰਦਾ ਹੈ। ਇਹ ਨਿਸ਼ਚਿਤ ਤੌਰ ‘ਤੇ ਮਾਣ ਵਾਲੀ ਗੱਲ ਹੈ ਪਰ ਇਕ ਗੰਭੀਰ ਸਵਾਲ ਸਾਡੇ ਸਾਹਮਣੇ ਖੜ੍ਹਾ ਹੈ ਜੇਕਰ ਯੋਗ ਦਾ ਪ੍ਰਭਾਵ ਸੱਚਮੁੱਚ ਸਾਡੇ ਜੀਵਨ ਵਿਚ ਉਤਰ ਰਿਹਾ ਹੈ, ਤਾਂ ਫਿਰ ਸਮਾਜ ਵਿਚ ਤਣਾਅ, ਡਿਪ੍ਰੈਸ਼ਨ, ਇਕੱਲਾਪਣ ਅਤੇ ਆਤਮਹੱਤਿਆ ਵਰਗੀਆਂ ਘਟਨਾਵਾਂ ਲਗਾਤਾਰ ਕਿਉਂ ਵੱਧ ਰਹੀਆਂ ਹਨ। ਇਹ ਸਵਾਲ ਸਾਨੂੰ ਆਧੁਨਿਕ ਯੋਗ ਦੀ ਦਿਸ਼ਾ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕਾਂ ਲਈ ਯੋਗ ਸਿਰਫ਼ ਸਰੀਰਕ ਕਸਰਤ ਬਣ ਕੇ ਰਹਿ ਗਿਆ ਹੈ। ਔਖੇ ਆਸਣਾਂ ਦੀ ਹੋੜ, ਸਰੀਰ ਨੂੰ ਲਚਕੀਲਾ ਬਣਾਉਣ ਦੀ ਕਲਾ, ਵਜ਼ਨ ਘਟਾਉਣ ਦਾ ਸਾਧਨ ਜਾਂ ਸੋਸ਼ਲ ਮੀਡੀਆ ‘ਤੇ ਆਕਰਸ਼ਕ ਤਸਵੀਰਾਂ ਤੱਕ ਹੀ ਯੋਗ ਨੂੰ ਸਿਮਤ ਕਰ ਦਿੱਤਾ ਗਿਆ ਹੈ। ਯੋਗ ਸਟੂਡੀਓ, ਮਹਿੰਗੇ ਕੋਰਸ ਅਤੇ ਫਿਟਨੈੱਸ ਉਦਯੋਗ ਨੇ ਯੋਗ ਨੂੰ ਇੱਕ ਬਾਜ਼ਾਰ ਦਾ ਰੂਪ ਦੇ ਦਿੱਤਾ ਹੈ ਪਰ ਸਚਾਈ ਇਹ ਹੈ ਕਿ ਯੋਗ ਸਿਰਫ਼ ਸਰੀਰ ਨੂੰ ਮੋੜਨ ਜਾਂ ਕੁੱਝ ਮਿੰਟਾਂ ਤੱਕ ਸਾਹ ਲੈਣ ਦਾ ਅਭਿਆਸ ਨਹੀਂ ਹੈ ਬਲਕਿ ਮਨ ਦੀਆਂ ਚੰਚਲ ਵਿ੍ਰੱਤੀਆਂ ਨੂੰ ਰੋਕਣਾ ਹੀ ਯੋਗ ਹੈ। ਯੋਗ ਦਾ ਅਸਲ ਉਦੇਸ਼ ਮਨ ਨੂੰ ਸ਼ਾਂਤ ਕਰਨਾ, ਅੰਦਰੂਨੀ ਸੰਤੁਲਨ ਸਥਾਪਿਤ ਕਰਨਾ, ਆਤਮਾ ਨਾਲ ਜੁੜਨਾ ਅਤੇ ਜੀਵਨ ਵਿਚ ਜਾਗਰੂਕਤਾ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਹਰ ਰੋਜ਼ ਯੋਗ ਆਸਣ ਕਰਦਾ ਹੈ, ਪਰ ਉਸ ਦੇ ਅੰਦਰ ਕ੍ਰੋਧ, ਈਰਖਾ, ਡਰ, ਅਸੁਰੱਖਿਆ ਅਤੇ ਬੇਚੈਨੀ ਅਜੇ ਵੀ ਮੌਜੂਦ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਯੋਗ ਦੇ ਬਾਹਰੀ ਰੂਪ ਨੂੰ ਤਾਂ ਅਪਣਾਇਆ, ਪਰ ਉਸ ਦੇ ਅੰਦਰੂਨੀ ਵਿਗਿਆਨ ਨੂੰ ਸਮਝਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਜੀਵਨ ਵਿਚ ਸੱਚ, ਅਨੁਸ਼ਾਸਨ, ਸੰਤੋਖ, ਆਤਮ-ਚਿੰਤਨ ਅਤੇ ਧਿਆਨ ਨਹੀਂ ਹੈ ਤਾਂ ਕੇਵਲ ਆਸਣ ਕਰਨ ਨਾਲ ਯੋਗ ਦਾ ਪੂਰਾ ਲਾਭ ਪ੍ਰਾਪਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਯੋਗ ਨੂੰ ਇਕ ਦਿਨ ਦਾ ਸਮਾਗਮ ਨਹੀਂ ਸਗੋਂ ਜੀਵਨ ਜਿਊਣ ਦੀ ਕਲਾ ਬਣਾਉਣਾ ਹੋਵੇਗਾ।
ਪਿਛਲੀ ਖ਼ਬਰ ਪਿਤਾ ਦੀਵੇ ਦੀ ਬੱਤੀ ਦੀ ਤਰ੍ਹਾਂ ਸਾਰੀ ਉਮਰ ਖ਼ੁਦ ਸੜ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ’ਚ ਭਰਦਾ ਹੈ ਰੌਸ਼ਨੀ ਅਗਲੀ ਖ਼ਬਰ ਅਬੋਹਰ ’ਚ ਨਸ਼ਾ ਵਿਰੋਧੀ ਮੁਹਿੰਮ ਫ਼ੇਲ੍ਹ, ਨਹਿਰੂ ਪਾਰਕ ਨੇੜੇ ਬੇਸੁੱਧ ਹਾਲਤ ’ਚ ਮਿਲਿਆ ਨੌਜਵਾਨ, ਲੋਕਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।