28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੰਜ ਦਿਨਾਂ ਦੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ-ਐੱਸ.ਡੀ.ਐਮ. ਦਫ਼ਤਰ ਖ਼ੁਦ ਪਾਣੀ ਵਿਚ ਡੁੱਬਿਆ

ਅਜੀਤ ਡੈਸਕ 08-04-2026
ਅਬੋਹਰ, 7 ਅਪ੍ਰੈਲ (ਵਿਵੇਕ ਹੂੜੀਆ)-ਲਗਾਤਾਰ ਪੰਜ ਦਿਨਾਂ ਤੋਂ ਹੋ ਰਹੀ ਬਾਰਸ਼ ਨੇ ਅਬੋਹਰ ਸ਼ਹਿਰ ਦੇ ਬੁਨਿਆਦੀ ਢਾਂਚੇ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ | ਹਾਲਾਤ ਇੰਨੇ ਮਾੜੇ ਹਨ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲਾ ਪ੍ਰਸ਼ਾਸਨ ਦਾ ਮੁੱਖ ਕੇਂਦਰ ਐੱਸ.ਡੀ.ਐਮ. ਦਫ਼ਤਰ ਖ਼ੁਦ ਗੰਦੇ ਪਾਣੀ ਦੀ ਲਪੇਟ ਵਿਚ ਹੈ | ਇਸ ਸਥਿਤੀ ਕਾਰਨ ਨਾ ਸਿਰਫ਼ ਸਰਕਾਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਆਮ ਜਨਤਾ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐੱਸ.ਡੀ.ਐਮ. ਦਫ਼ਤਰ ਦੇ ਬਾਹਰ ਅਤੇ ਅੰਦਰ ਸੀਵਰੇਜ ਦਾ ਬਦਬੂਦਾਰ ਪਾਣੀ ਜਮਾਂ ਹੋ ਚੁੱਕਾ ਹੈ | ਸੀਵਰੇਜ ਲਾਈਨਾਂ ਜਾਮ ਹੋਣ ਕਾਰਨ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਠੱਪ ਹੈ | ਹਾਲਤ ਇਹ ਹੈ ਕਿ ਦਫ਼ਤਰ ਤੱਕ ਪਹੁੰਚਣ ਲਈ ਕੋਈ ਰਸਤਾ ਨਹੀਂ ਬਚਿਆ, ਜਿਸ ਕਾਰਨ ਐੱਸ.ਡੀ.ਐਮ. ਦੀ ਸਰਕਾਰੀ ਗੱਡੀ ਵੀ ਮੁੱਖ ਸੜਕ 'ਤੇ ਪੈਟਰੋਲ ਪੰਪ ਦੇ ਕੋਲ ਖੜ੍ਹੀ ਕਰਨੀ ਪੈ ਰਹੀ ਹੈ | ਆਪਣੇ ਕੰਮਾਂ ਲਈ ਆਉਣ ਵਾਲੇ ਲੋਕ ਗੰਦੇ ਪਾਣੀ ਦੇ ਕਿਨਾਰੇ-ਕਿਨਾਰੇ ਪੈਦਲ ਚੱਲ ਕੇ ਦਫ਼ਤਰ ਪਹੁੰਚਣ ਲਈ ਮਜਬੂਰ ਹਨ | ਇਹ ਸਮੱਸਿਆ ਸਿਰਫ਼ ਐੱਸ.ਡੀ.ਐਮ.ਦਫ਼ਤਰ ਤੱਕ ਸੀਮਿਤ ਨਹੀਂ ਹੈ, ਸਗੋਂ ਨੇੜੇ ਸਥਿਤ ਐੱਸ.ਪੀ.ਦਫ਼ਤਰ, ਬਾਰ ਐਸੋਸੀਏਸ਼ਨ ਅਤੇ ਕੋਰਟ ਰੂਮ ਤੱਕ ਜਾਣ ਵਾਲੇ ਰਸਤੇ ਵੀ ਜਲ-ਥਲ ਹੋਏ ਪਏ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਦਫ਼ਤਰ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਹਨ, ਜੇਕਰ ਉਹ ਖ਼ੁਦ ਹੀ ਅਜਿਹੇ ਹਾਲਾਤ ਵਿਚ ਹੋਵੇਗਾ, ਤਾਂ ਲੋਕ ਕਿਸ ਤੋਂ ਉਮੀਦ ਰੱਖਣ?
ਕੀ ਕਹਿਣਾ ਹੈ ਐੱਸ.ਡੀ.ਐਮ. ਰਵਿੰਦਰ ਸਿੰਘ ਦਾ
-ਇਸ ਸਬੰਧੀ ਐੱਸ.ਡੀ.ਐਮ.ਰਵਿੰਦਰ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਫ਼ਤਰ ਮੁੱਖ ਸੜਕ ਤੋਂ ਨੀਵਾਂ ਹੋਣ ਕਾਰਨ ਇਹ ਪੁਰਾਣੀ ਸਮੱਸਿਆ ਹੈ | ਨਗਰ ਨਿਗਮ ਦੀਆਂ ਟੀਮਾਂ ਟੈਂਕਰਾਂ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲਗਾਤਾਰ ਬਾਰਸ਼ ਕਾਰਨ ਇਹ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋ ਰਹੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਦਫ਼ਤਰ ਨੂੰ ਨਵੀਂ ਇਮਾਰਤ ਵਿਚ ਤਬਦੀਲ ਕੀਤਾ ਜਾਣਾ ਹੈ ਪਰ ਕੁੱਝ ਕਾਰਨਾਂ ਕਰਕੇ ਇਹ ਕੰਮ ਅਜੇ ਲਟਕਿਆ ਹੋਇਆ ਹੈ | ਜਦੋਂ ਤੱਕ ਕੋਈ ਸਥਾਈ ਹੱਲ ਨਹੀਂ ਹੁੰਦਾ, ਲੋਕਾਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ |
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਮੀਂਹ 'ਤੇ ਗੜੇ੍ਹਮਾਰੀ ਕਾਰਨ 40 ਹਜ਼ਾਰ ਏਕੜ ਫ਼ਸਲ ਹੋਈ ਪ੍ਰਭਾਵਿਤ ਅਗਲੀ ਖ਼ਬਰ ਅਬੋਹਰ 'ਚ ਚੋਰਾਂ ਨੇ ਇਲੈਕਟੋ੍ਰਨਿਕਸ ਦੀ ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।